ਵਹੀਦਾ ਰਹਿਮਾਨ, ਆਸ਼ਾ ਪਾਰੇਖ, ਵੈਜੰਤੀ ਮਾਲਾ, ਸ਼ਤਰੁਘਨ ਸਿਨਹਾ, ਹੈਲਨ ਵਰਗੇ ਬਹੁਤ ਸਾਰੇ ਸਿਤਾਰੇ ਇਨ੍ਹਾਂ ਦਿਨਾਂ ਵਿੱਚ ਪੂਰੀ ਤਰ੍ਹਾਂ ਨਾਲ ਆਰਾਮ ਫ਼ਰਮਾ ਰਹੇ ਹਨ। 60 ਤੋਂ ਬਾਅਦ ਤਾਂ ਉਂਝ ਵੀ ਆਦਮੀ ਨੂੰ ਥੋੜ੍ਹੀ ਆਰਾਮ ਦੀ ਜ਼ਰੂਰਤ ਹੁੰਦੀ ਹੈ, ਪਰ ਜ਼ਿਆਦਾਤਰ ਸਿਤਾਰਿਆਂ ਨੇ ਅਨੁਸ਼ਾਸਨ ਦਾ ਪੱਲਾ ਹੁਣ ਵੀ ਫ਼ੜਿਆ ਹੋਇਆ ਹੈ। ਹੁਣ ਜਿਵੇਂ ਕਿ ਪੁਰਾਣੇ ਦੌਰ ਦੇ ਦਿੱਗਜ ਅਦਾਕਾਰਾਂ ਵਿੱਚ ਅਮਿਤਾਬ ਬੱਚਨਾ, ਡੈਨੀ, ਆਦਿ ਇਸ ਸਬੰਧੀ ਸ਼ਾਨਦਾਰ ਮਿਸਾਲ ਦੇ ਤੌਰ ‘ਤੇ ਸਾਹਮਣੇ ਆਉਂਦੇ ਹਨ। ਉਨ੍ਹਾਂ ਬਾਰੇ ਨਵੇਂ ਸਿਰੇ ਤੋਂ ਕੁਝ ਬਿਆਨ ਕਰਨ ਦੀ ਲੋੜ ਨਹੀਂ। ਉਹ ਅੱਜ ਵੀ ਕਿਸੇ ਨੌਜਵਾਨ ਦੀ ਤਰ੍ਹਾਂ ਪੂਰੇ ਜੋਸ਼ ਨਾਲ ਕੰਮ ਕਰ ਰਹੇ ਹਨ।
ਪੁਰਾਣੇ ਸਿਤਾਰਿਆਂ ਵਿੱਚੋਂ ਜ਼ਿਆਦਾਤਰ ਨੇ ਆਪਣੇ ਹੀ ਢੰਗ ਨਾਲ ਜ਼ਿੰਦਗੀ ਜਿਉਣ ਦੀ ਇੱਕ ਅਲੱਗ ਪਰਿਭਾਸ਼ਾ ਬਣਾ ਲਈ ਹੈ। ਅਜਿਹੇ ਵਿੱਚ ਕੁਝ ਸਾਲ ਪਹਿਲਾਂ ਦੀਆਂ ਕੁਝ ਪੁਰਾਣੀਆਂ ਯਾਦਾਂ ਨੂੰ ਕੁਰੇਦੀਏ ਤਾਂ 94 ਦੀ ਉਮਰ ਵਿੱਚ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਤਕ ਵੀ ਪ੍ਰਾਣ ਨੇ ਅਨੁਸ਼ਾਸਨ ਦਾ ਪੱਲਾ ਫ਼ੜ ਕੇ ਰੱਖਿਆ। 350 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਇੱਕ ਅਭਿਨੇਤਾ ਇੰਨੇ ਸ਼ਾਂਤ ਸੁਭਾਅ ਦਾ ਹੋਵੇਗਾ? ਪ੍ਰਾਣ ਨੂੰ ਦੇਖੇ ਬਿਨਾਂ ਇਸ ਦਾ ਅਹਿਸਾਸ ਨਹੀਂ ਹੁੰਦਾ ਸੀ। ਪ੍ਰਾਣ ਦੀ ਤਰ੍ਹਾਂ ਏ. ਕੇ. ਹੰਗਲ, ਦਾਰਾ ਸਿੰਘ, ਅਭਿਨੇਤਰੀ ਨੰਦਾ, ਸਾਧਨਾ ਆਦਿ ਕਈ ਪੁਰਾਣੇ ਦਿੱਗਜ ਹਾਲ ਹੀ ਤਕ ਸਾਡੇ ਵਿਚਕਾਰ ਰਹੇ, ਅਤੇ ਉਨ੍ਹਾਂ ਦਾ ਸ਼ਾਂਤ ਜੀਵਨ ਸਭ ਲਈ ਇੱਕ ਉਦਾਹਰਣ ਬਣਿਆ ਰਿਹਾ।
97 ਸਾਲ ਦੇ ਦਿਲੀਪ ਕੁਮਾਰ ਨੇ ਵੀ ਤਿੰਨ-ਚਾਰ ਸਾਲ ਪਹਿਲਾਂ ਆਪਣੇ ਆਪ ਨੂੰ ਕਾਫ਼ੀ ਚੁਸਤ ਰੱਖਿਆ ਹੋਇਆ ਸੀ। ਪਾਲੀ ਹਿਲ ਸਥਿਤ ਉਨ੍ਹਾਂ ਦੇ ਆਸ-ਪਾਸ ਰਹਿਣ ਵਾਲੇ ਲੋਕ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਰਹਿੰਦੇ ਹਨ। ਖ਼ਾਸਤੌਰ ‘ਤੇ ਬੱਚਿਆਂ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੈ। ਬੱਚੇ ਉਨ੍ਹਾਂ ਨੂੰ ਯੂਸਫ਼ ਅੰਕਲ ਕਹਿ ਕੇ ਬੁਲਾਉਂਦੇ ਹਨ। ਅੱਜ ਵੀ ਉਹ ਆਪਣੇ ਦੋਸਤਾਂ ਨੂੰ ਦਾਅਵਤ ‘ਤੇ ਬੁਲਾਉਂਦੇ ਹਨ। ਸ਼ਾਹਰੁਖ਼ ਖ਼ਾਨ ਉਨ੍ਹਾਂ ਨੂੰ ਅਕਸਰ ਮਿਲਣ ਜਾਂਦੇ ਹਨ। ਫ਼ੁੱਟਬਾਲ ਪ੍ਰਤੀ ਉਨ੍ਹਾਂ ਦਾ ਸ਼ੌਕ ਹੁਣ ਵੀ ਬਰਕਰਾਰ ਹੈ।
82 ਸਾਲ ਦੀ ਉਮਰ ਵਿੱਚ ਅਭਿਨੇਤਰੀ ਮਾਲਾ ਸਿਨਹਾ ਵੀ ਪੂਰੀ ਤਰ੍ਹਾਂ ਨਾਲ ਆਰਾਮ ਫ਼ਰਮਾ ਰਹੀ ਹੈ। ਬਾਂਦਰਾ ਪੱਛਮ ਦੇ ਟਰਨਰ ਰੋਡ ਸਥਿਤ ਆਪਣੇ ਬੰਗਲੇ ਵਿੱਚ ਉਹ ਪਿਛਲੇ ਲੰਬੇ ਅਰਸੇ ਤੋਂ ਇਕੱਲੀ ਰਹਿ ਰਹੀ ਹੈ, ਪਰ ਇਸ ਇਕੱਲਤਾ ਨੂੰ ਉਸ ਨੇ ਕਦੇ ਆਪਣੇ ‘ਤੇ ਭਾਰੂ ਨਹੀਂ ਪੈਣ ਦਿੱਤਾ। ਇਕਲੌਤੀ ਬੇਟੀ ਪ੍ਰਤਿਭਾ ਸਿਨਹਾ ਦਾ ਕਰੀਅਰ ਕੁਝ ਖ਼ਾਸ ਨਹੀਂ ਬਣਿਆ ਤਾਂ ਉਸ ਨੇ ਵਿਆਹ ਕਰਵਾ ਕੇ ਘਰ ਵਸਾ ਲਿਆ। ਉਹ ਆਪਣੀ ਮਾਂ ਨੂੰ ਮਿਲਣ ਆਉਂਦੀ ਰਹਿੰਦੀ ਹੈ। ਸ਼ੁਰੂ ਤੋਂ ਹੀ ਮਾਲਾ ਸਿਨਹਾ ਨੂੰ ਕੁੱਤੇ ਰੱਖਣ ਦਾ ਸ਼ੌਕ ਰਿਹਾ ਹੈ। ਇੱਥੋਂ ਤਕ ਕਿ ਆਵਾਰਾ ਕੁੱਤੇ ਵੀ ਉਸ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ। ਉਹ ਪ੍ਰੈੱਸ ਨੂੰ ਬਹੁਤ ਘੱਟ ਮਿਲਦੀ ਹੈ ਪਰ ਆਪਣੇ ਢੰਗ ਨਾਲ ਸਮਾਜਿਕ ਕਾਰਜ ਕਰਦੀ ਰਹਿੰਦੀ ਹੈ। ਗੁਪਤ ਢੰਗ ਨਾਲ ਗ਼ਰੀਬਾਂ ਦੀ ਮਦਦ ਕਰਨ ਵਿੱਚ ਉਸ ਨੂੰ ਖ਼ੁਸ਼ੀ ਮਿਲਦੀ ਹੈ।
ਕੁਝ ਅਜਿਹਾ ਹੀ ਹਾਲ ਅਭਿਨੇਤਰੀ ਆਸ਼ਾ ਪਾਰੇਖ ਦਾ ਵੀ ਹੈ। ਕੁਝ ਸਾਲ ਪਹਿਲਾਂ ਉਸ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸੈਂਟਾ ਕਰੂਜ਼ ਪੱਛਮ ਵਿੱਚ ਉਸ ਦੇ ਨਾਂ ‘ਤੇ ਇੱਕ ਹਸਪਤਾਲ ਹੈ। ਉਸ ਦੀ ਸਾਂਭ ਸੰਭਾਲ ਵਿੱਚ ਹੀ ਉਸ ਦਾ ਬਹੁਤਾ ਸਮਾਂ ਨਿਕਲ ਜਾਂਦਾ ਹੈ। ਦੂਜੀਆਂ ਅਭਿਨੇਤਰੀਆਂ ਦੀ ਬਜਾਏ ਉਸ ਨੇ ਖ਼ੁਦ ਨੂੰ ਜ਼ਿਆਦਾ ਹੀ ਰੁੱਝਿਆ ਹੋਇਆ ਰੱਖਣ ਦਾ ਸ਼ੌਕ ਹੈ। ਉਹ ਕਦੇ ਕਦੇ ਫ਼ਿਲਮਾਂ ਵਿੱਚ ਦਾਦੀ ਜਾਂ ਮਾਂ ਦੇ ਕਿਰਦਾਰ ਵਿੱਚ ਵੀ ਨਜ਼ਰ ਆ ਜਾਂਦੀ ਹੈ। ਉਸ ਦੀ ਇੱਕ TV ਕੰਪਨੀ ਵੀ ਹੁੰਦੀ ਸੀ ਜਿਸ ਦਾ ਲੜੀਵਾਰ ਕੋਰਾ ਕਾਗ਼ਜ਼ ਬਹੁਤ ਹਰਮਨ ਪਿਆਰਾ ਹੋਇਆ ਸੀ। ਦਰਸ਼ਕਾਂ ਨੂੰ ਉਹ ਅੱਜ ਵੀ ਯਾਦ ਹੈ। ਉਹ ਕਹਿੰਦੀ ਹੈ, ”ਮੈਂ ਵਿਆਹ ਕਰਵਾ ਕੇ ਆਪਣਾ ਘਰ ਨਹੀਂ ਵਸਾਇਆ, ਪਰ ਸਮਾਜ ਨੂੰ ਮੈਂ ਹਮੇਸ਼ਾਂ ਇੱਕ ਵੱਡਾ ਪਰਿਵਾਰ ਸਮਝਿਆ ਹੈ। ਮੈਂ ਉਸ ਦੇ ਕਿਸੇ ਕੰਮ ਆ ਸਕਾਂ, ਇਹ ਸੋਚ ਹੀ ਮੇਰੇ ਵਿੱਚ ਉਤਸ਼ਾਹ ਭਰ ਦਿੰਦੀ ਹੈ।”
80 ਸਾਲ ਦਾ ਹੋ ਚੁੱਕਿਆ ਉੱਘਾ ਹਾਸਰਸ ਅਭਿਨੇਤਾ ਜਗਦੀਪ ਆਪਣੇ ਅੰਦਾਜ਼ ਵਿੱਚ ਆਪਣੀ ਉਮਰ ਨੂੰ ਬਿਆਨ ਕਰਦਾ ਹੈ, ”ਮੀਆਂ ਉਮਰ ਕਾ ਕਿਆ ਹੈ, ਜਬ ਤਕ ਅਪਨੇ ਆਪਕੋ ਜਵਾਨ ਸਮਝੇਂਗੇ ਜ਼ਿੰਦਾਦਿਲੀ ਕਾਇਮ ਰਹੇਗੀ।” ਉਹ ਆਪਣੇ ਬੱਚਿਆਂ ਨਾਲ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਉਸ ਦੇ ਇੱਕ ਬੇਟੇ ਜਾਵੇਦ ਜਾਫ਼ਰੀ ਨੇ TV ਅਤੇ ਫ਼ਿਲਮਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।
82 ਦਾ ਹੋ ਚੁੱਕਾ ਫ਼ਿਲਮਸਾਜ਼ ਮਨੋਜ ਕੁਮਾਰ ਅੱਜਕੱਲ ਥੋੜ੍ਹਾ ਬੀਮਾਰ ਚੱਲ ਰਿਹੈ। ਸੱਤ ਅੱਠ ਸਾਲ ਪਹਿਲਾਂ ਉਹ ਆਪਣੀਆਂ ਦੋ ਫ਼ਿਲਮਾਂ ਨੂੰ ਫ਼ਲੋਰ ‘ਤੇ ਲੈ ਜਾਣਾ ਚਾਹੁੰਦਾ ਸੀ, ਪਰ ਇਹ ਪ੍ਰੌਜੈਕਟ ਅੱਗੇ ਨਹੀਂ ਵੱਧ ਸਕੇ। ਕਦੇ ਉਸ ਨੂੰ ਫ਼ਿਲਮਸਾਜ਼ੀ ਤੋਂ ਇਲਾਵਾ ਲੋਕਾਂ ਦਾ ਹੋਮਿਓਪੈਥਿਕ ਇਲਾਜ ਕਰਨਾ ਬਹੁਤ ਪਸੰਦ ਸੀ। ਉਸ ਦਾ ਕਵਿਤਾ ਪ੍ਰੇਮ ਵੀ ਕਿਸੇ ਤੋਂ ਛੁਪਿਆ ਹੋਇਆ ਨਹੀਂ।
ਧਰਮਿੰਦਰ ‘ਤੇ ਹੁਣ ਉਮਰ ਭਾਰੂ ਹੋ ਚੁੱਕੀ ਹੈ। ਉਹ ਹੁਣ ਆਪਣਾ ਜ਼ਿਆਦਾਤਰ ਵਕਤ ਘਰ ਵਿੱਚ ਹੀ ਬਿਤਾਉਣਾ ਪਸੰਦ ਕਰਦਾ ਹੈ। ਪਾਰਟੀ ਆਦਿ ਦੇ ਸ਼ੌਕ ਤੋਂ ਉਸ ਨੇ ਖ਼ੁਦ ਨੂੰ ਕਾਫ਼ੀ ਦੂਰ ਕਰ ਲਿਆ ਹੈ। ਕਵਿਤਾਵਾਂ ਲਿਖਣ ਪ੍ਰਤੀ ਉਹ ਸ਼ੁਰੂ ਤੋਂ ਹੀ ਕਾਫ਼ੀ ਗੰਭੀਰ ਰਿਹਾ ਹੈ। ਉਹ ਉਰਦੂ ਵਿੱਚ ਲਿਖਦਾ ਹੈ। ਅੱਜਕੱਲ੍ਹ ਉਸ ਦੀ ਪਤਨੀ ਹੇਮਾ ਮਾਲਿਨੀ ਉਸ ਨੂੰ ਆਪਣੀਆਂ ਕਵਿਤਾਵਾਂ ਦੀ ਕਿਤਾਬ ਪ੍ਰਕਾਸ਼ਿਤ ਕਰਾਉਣ ਲਈ ਪ੍ਰੇਰਿਤ ਕਰ ਰਹੀ ਹੈ।
ਦੂਜੇ ਪਾਸੇ ਵੈਜੰਤੀ ਮਾਲਾ ਆਪਣੇ ਨ੍ਰਿਤ ਦੇ ਸ਼ੌਕ ਨੂੰ ਲੈ ਕੇ ਇਸ ਕਦਰ ਰੁੱਝੀ ਰਹਿੰਦੀ ਹੈ ਕਿ ਉਸ ਨੂੰ ਉਮਰ ਦਾ ਧਿਆਨ ਹੀ ਨਹੀਂ ਰਿਹਾ, ਪਰ ਅੱਜਕੱਲ੍ਹ ਉਸ ਦੀ ਤਬੀਅਤ ਵੀ ਜ਼ਿਆਦਾ ਚੰਗੀ ਨਹੀਂ। ਉਹ ਕਹਿੰਦੀ ਹੈ, ”ਮੈਂ ਤਾਂ ਹੁਣ ਆਪਣੀ ਉਮਰ ਭੁੱਲ ਹੀ ਗਈ ਹਾਂ। ਨ੍ਰਿਤ ਦੇ ਖੇਤਰ ਵਿੱਚ ਇੰਨਾ ਕੰਮ ਬਾਕੀ ਹੈ ਕਿ ਸਮਾਂ ਅਕਸਰ ਘੱਟ ਰਹਿ ਜਾਂਦਾ ਹੈ।”
ਵੈਜੰਤੀ ਮਾਲਾ ਦੀ ਤੁਲਨਾ ਵਿੱਚ ਅਭਿਨੇਤਰੀ ਤਨੂਜਾ ਨੇ ਅਦਾਕਾਰੀ ਦਾ ਮੋਹ ਨਹੀਂ ਛੱਡਿਆ। ਆਪਣੀ ਦੋਹਤੀ ਨਿਸ਼ਾ ਅਤੇ ਦੋਹਤੇ ਯੁੱਗ ਨਾਲ ਉਸ ਦਾ ਕਾਫ਼ੀ ਸਮਾਂ ਬੀਤ ਜਾਂਦਾ ਹੈ। ਬਾਕੀ ਸਮਾਂ ਉਹ ਕਈ ਗ਼ੈਰ ਸਰਕਾਰੀ ਸੰਗਠਨਾਂ ਨਾਲ ਕੰਮ ਨੂੰ ਦਿੰਦੀ ਹੈ। ਦੂਜੇ ਪਾਸੇ, ਅਭਿਨੇਤਰੀ ਜ਼ਾਹਿਦਾ ਥੋੜ੍ਹਾ ਇੱਕਾਂਤ ਪਸੰਦ ਹੈ। ਵਹੀਦਾ ਰਹਿਮਾਨ ਜ਼ਰੂਰ ਰੁੱਝੀ ਰਹਿੰਦੀ ਹੈ। ਕਿਸੇ ਨਾ ਕਿਸੇ ਕੰਮ ਵਿੱਚ ਉਹ ਹਮੇਸ਼ਾਂ ਲੱਗੀ ਰਹਿੰਦੀ ਹੈ। 96 ਸਾਲ ਦਾ ਹੋ ਚੁੱਕਿਆ ਚੰਦਰਸ਼ੇਖਰ ਵੀ ਹੁਣ ਪੂਰੀ ਤਰ੍ਹਾਂ ਆਰਾਮ ਕਰ ਰਿਹਾ ਹੈ। ਉਸ ਦਾ ਪੂਰਾ ਪਰਿਵਾਰ ਉਸ ਦੇ ਨਾਲ ਰਹਿੰਦਾ ਹੈ। ਇਸ ਸਭ ਵਿੱਚਕਾਰ ਦੇਵ ਆਨੰਦ ਇੱਕ ਅਪਵਾਦ ਰਿਹਾ, ਅਤੇ ਜੀਵਨ ਦੇ ਅੰਤਿਮ ਸਮੇਂ ਤਕ ਉਹ ਫ਼ਿਲਮ ਨਿਰਮਾਣ ਵਿੱਚ ਰੁੱਝਿਆ ਰਿਹਾ।