ਆਸਮਾਨ ਵਿੱਚ ਕੇਵਲ ਇੱਕੋ ਸੂਰਜ ਹੈ। ਰੱਬ ਨਾ ਕਰੇ, ਜੇ ਕਿਸੇ ਦਿਨ ਉਹ ਨਿਕਲਣਾ ਭੁੱਲ ਗਿਆ ਤਾਂ ਸਾਡੇ ਕੋਲ ਤਾਂ ਉਸ ਦੀ ਕੋਈ ਬੈਕਅੱਪ ਵੀ ਨਹੀਂ। ਕੇਵਲ ਇਸ ਲਈ ਕਿ ਉਹ ਪਿੱਛਲੇ ਕੁਝ ਕੁ ਕਰੋੜ ਸਾਲਾਂ ਤੋਂ ਹਰ ਰੋਜ਼, ਬਿਨਾ ਕਿਸੇ ਕੋਤਾਹੀ ਦੇ, ਨਿਕਲਣ ਵਿੱਚ ਭਰੋਸੇਯੋਗ ਰਿਹੈ, ਅਸੀਂ ਇਹ ਮੰਨ ਕੇ ਤਾਂ ਨਹੀਂ ਚੱਲ ਸਕਦੇ ਕਿ ਉਹ ਹਮੇਸ਼ਾ ਅਵਿਰਾਮ ਇੰਝ ਹੀ ਨਿਕਲਦਾ ਰਹੇਗਾ। ਵੈਸੇ ਵਿਗਿਆਨੀ ਤਾਂ ਕਹਿੰਦੇ ਨੇ ਕਿ ਉਸ ਵਿੱਚ ਹਾਲੇ ਬਹੁਤ ਜ਼ਿੰਦਗੀ ਪਈ ਹੈ, ਪਰ ਉਨ੍ਹਾਂ ਨੂੰ ਕੀ ਪਤਾ? ਹੈਲੋ! … ਉਤਸੁਕਤਾ ਦਿਖਾਉਣ ‘ਚ ਆਖ਼ਿਰ ਹਰਜ਼ ਹੀ ਕੀ ਹੈ? ਇਸ ਦੁਨੀਆਂ ਦੇ ਅੰਤ ਬਾਰੇ ਅਸੁਰੱਖਿਅਤ ਮਹਿਸੂਸ ਕਰਨ ਤੋਂ ਜਦੋਂ ਤੁਸੀਂ ਵਿਹਲੇ ਹੋ ਜਾਓ ਤਾਂ ਆਪਣੇ ਜੀਵਨ ਦੇ ਉਨ੍ਹਾਂ ਪਹਿਲੂਆਂ ਵੱਲ ਵੀ ਜ਼ਰਾ ਧਿਆਨ ਦੇ ਲੈਣਾ ਜਿਹੜੇ ਤੁਹਾਨੂੰ ਇਸ ਵਕਤ ਸਤਾ ਰਹੇ ਨੇ। ਹਾਂ, ਜੇ ਤੁਸੀਂ ਨਹੀਂ ਦੇਣਾ ਚਾਹੁੰਦੇ ਤਾਂ ਫ਼ਿਰ ਗੱਲ ਵੱਖਰੀ ਹੈ। ਉਸ ਸੂਰਤ ਵਿੱਚ, ਤੁਹਾਨੂੰ ਸੱਚਮੁੱਚ ਹੀ ਧਿਆਨ ਦੇਣ ਦੀ ਕੋਈ ਲੋੜ ਨਹੀਂ। ਇਸ ਵਕਤ ਤੁਹਾਡੀ ਸਥਿਤੀ ਜਿੰਨਾ ਤੁਸੀਂ ਡਰਦੇ ਹੋ ਉਸ ਤੋਂ ਕਿਤੇ ਵੱਧ ਸੁਰੱਖਿਅਤ ਹੈ।

ਤੁਸੀਂ ਕਿਸ ਨਾਲ ਗੱਲ ਕਰ ਸਕਦੇ ਹੋ? ਤੇ ਤੁਸੀਂ ਉਨ੍ਹਾਂ ਨੂੰ ਕਹੋਗੇ ਕੀ? ਤੁਸੀਂ ਸਮਝੇ ਜਾਣ ਦੀ ਉਮੀਦ ਹੀ ਕਿਵੇਂ ਕਰ ਸਕਦੇ ਹੋ? ਗੱਲਬਾਤ ਦੀ ਕੋਈ ਵੀ ਪ੍ਰਕਿਰਿਆ ਕਦੇ ਸੰਪੂਰਣ ਨਹੀਂ ਹੁੰਦੀ। ਜਿਹੜੇ ਲੋਕ ਇਸ ਦੁਨੀਆ ਦੇ ਬਿਹਤਰੀਨ ਦਿਲਾਂ ਦੇ ਮਾਲਿਕ ਵੀ ਨੇ – ਅਤੇ ਜਿਨ੍ਹਾਂ ਦੇ ਮਨਾਂ ਵਿੱਚ ਸਹਿਯੋਗ ਕਰਨ ਦੀ ਪੂਰੀ ਇੱਛਾ ਹੈ – ਅਕਸਰ ਇੱਕ ਦੂਜੇ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ। ਪਰ ਇਹ ਤਾਂ ਕੋਈ ਕਾਰਨ ਨਾ ਹੋਇਆ ਆਪਣੇ ਭਰੋਸੇ ਨੂੰ ਆਪਣੇ ਸੀਨੇ ਅੰਦਰ ਦਬਾ ਕੇ ਰੱਖਣ ਦਾ ਜਾਂ ਕਿਸੇ ਦੋਸਤੀ ਵਿੱਚੋਂ ਹੱਥ ਪਿੱਛੇ ਖਿੱਚਣ ਦਾ। ਜਿੰਨੀ ਤੁਹਾਡੇ ‘ਚ ਹਿੰਮਤ ਹੈ ਦੂਸਰਿਆਂ ਨਾਲ ਸਾਂਝ ਪਾਓ। ਤੁਹਾਨੂੰ ਸ਼ਾਇਦ ਇਹ ਦੇਖ ਕੇ ਖ਼ੁਸ਼ੀ ਭਰੀ ਹੈਰਾਨੀ ਹੋਵੇਗੀ ਕਿ ਤੁਹਾਡਾ ਨੁਕਤਾ-ਏ-ਨਜ਼ਰੀਆ ਕਿਸ ਹੱਦ ਤਕ ਪ੍ਰਵਾਨਗੀ ਅਤੇ ਸਨਮਾਨ ਬਟੋਰਦੈ – ਖ਼ਾਸ ਕਰ ਜੇ ਤੁਸੀਂ ਬਿਨਾਂ ਕਿਸੇ ਪੱਖਪਾਤ ਦੇ ਸੁਣਨ ਦੀ ਪੂਰੀ ਕੋਸ਼ਿਸ਼ ਕਰ ਸਕੇ ਅਤੇ ਬਿਨਾ ਲਾਗਤਬਾਜ਼ੀ ਦੇ ਬੋਲਣ ਦੀ ਵੀ।

ਜਿਓਂ ਜਿਓਂ ਸਾਡੀ ਉਮਰ ਵਧਦੀ ਹੈ, ਸਾਡੀਆਂ ਪ੍ਰਾਥਮਿਕਤਾਵਾਂ ਬਦਲ ਜਾਂਦੀਆਂ ਹਨ। ਆਸ ਹੈ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਸਿਆਣੇ ਹੋ ਚੁੱਕੇ ਹਾਂ। ਪਰ, ਅਜਿਹੇ ਲੋਕਾਂ ਦੇ ਮਾਮਲੇ ਵਿੱਚ ਵੀ ਜਿਹੜੇ ਆਪਣੀਆਂ ਗ਼ਲਤੀਆਂ ਤੋਂ ਸਿੱਖਣੋਂ ਬੇਸ਼ਰਮੀ ਨਾਲ ਇਨਕਾਰ ਕਰਦੇ ਹਨ ਜਾਂ ਸਮਾਂ ਬੀਤਣ ਮਗਰੋਂ ਵੀ ਨਰਮੀ ਦਿਖਾਉਣ ਤੋਂ, ਓੜਕ ਉਨ੍ਹਾਂ ਦੇ ਧਿਆਨ ਦਾ ਕੇਂਦਰ ਬਿੰਦੂ ਵੀ ਬਦਲਦਾ ਹੈ। ਦਿਲਚਸਪੀਆਂ ਬਦਲਦੀਆਂ ਹਨ, ਖ਼ਿਆਲ ਬਦਲਦੇ ਨੇ। ਤੁਹਾਡੇ ‘ਤੇ ਵੀ ਹੁਣ ਇਹ ਉਦੈ ਹੋਣ ਲੱਗੈ ਕਿ ਅੱਜ ਤੁਸੀਂ ਉਹ ਨਹੀਂ ਚਾਹੁੰਦੇ ਜੋ ਤੁਸੀਂ ਕਦੇ ਚਾਹੁੰਦੇ ਸੀ। ਤੁਸੀਂ ਇਸ ਕਾਰਨ ਥੋੜ੍ਹੇ ਉਤਸੁਕ ਵੀ ਹੋ ਖ਼ਾਸਕਰ ਇਸ ਲਈ ਕਿਉਂਕਿ ਤੁਹਾਨੂੰ ਸ਼ੱਕ ਹੈ ਕਿ ਹਾਲੇ ਵੀ ਕੋਈ ਇਹ ਚਾਹੁੰਦੈ ਕਿ ਤੁਸੀਂ ਉਹੀ ਚਾਹੋ। ਪਰ ਉਸ ਵਿਅਕਤੀ ਦੀ ਵੀ ਤਾਂ ਹੁਣ ਉਮਰ ਵੱਧ ਰਹੀ ਹੈ, ਅਤੇ ਉਹ ਵੀ ਸਿਆਣਾ ਹੋ ਰਿਹੈ।

ਹਰ ਰੋਜ਼ ਤੁਹਾਨੂੰ ਕੋਈ ਨਾ ਕੋਈ ਨਵੀਂ ਚੀਜ਼ ਪਤਾ ਚੱਲਦੀ ਹੈ। ਇਹ ਹੈ ਤਾਂ ਉਤਸਾਹਜਨਕ ਗੱਲ, ਪਰ ਤੁਹਾਡੇ ਲਈ ਇਹ ਯੋਜਨਾ ਬਣਾਉਣਾ ਮੁਸ਼ਕਿਲ ਬਣਾ ਰਹੀ ਹੈ। ਜਿੰਨੀ ਫ਼ੁਰਤੀ ਨਾਲ ਤੁਸੀਂ ਸੋਚਦੇ ਹੋ ਕਿ ਕੀ ਹਾਸਿਲ ਕੀਤਾ ਜਾ ਸਕਦੈ, ਗੋਲਪੋਸਟ ਖਿਸਕ ਜਾਂਦੈ, ਨਿਯਮਾਂ ‘ਚ ਤਬਦੀਲੀ ਆ ਜਾਂਦੀ ਹੈ, ਪ੍ਰਾਥਮਿਕਤਾਵਾਂ ਬਦਲ ਜਾਂਦੀਆ ਹਨ ਅਤੇ ਪੁਰਾਣੇ ਖ਼ਿਆਲ ਫ਼ਾਲਤੂ ਬਣ ਜਾਂਦੇ ਨੇ। ਫ਼ਿਰ ਤੁਸੀਂ ਸੋਚਦੇ ਹੋ ਕਿ ਕਾਸ਼ ਤੁਸੀਂ ਥੋੜ੍ਹਾ ਇੰਤਜ਼ਾਰ ਕਰ ਲਿਆ ਹੁੰਦਾ। ਪਰ ਤੁਸੀਂ ਹਮੇਸ਼ਾ ਲਈ ਇੰਤਜ਼ਾਰ ਤਾਂ ਨਹੀਂ ਕਰ ਸਕਦੇ। ਫ਼ੈਸਲਾਕੁੰਨ ਬਣਨ ਦਾ ਹੁਣ ਵੀ ਓਨਾ ਹੀ ਵਧੀਆ ਵੇਲਾ ਹੈ ਜਿੰਨਾ ਕਦੇ ਹੋ ਸਕਦੈ। ਤੁਸੀਂ, ਘੱਟੋਘੱਟ, ਉਨ੍ਹਾਂ ਖੇਤਰਾਂ ਵਿੱਚ ਤਾਂ ਚੋਣ ਕਰ ਸਕਦੇ ਹੋ ਜਿੱਥੇ ਚੋਣ ਕਰਨਾ ਮਹੱਤਵਪੂਰਨ ਹੈ। ਤੁਸੀਂ ਜਿਹੜੀ ਵੀ ਪ੍ਰਕਿਰਿਆ ਮੋਸ਼ਨ ਵਿੱਚ ਪਾਓਗੇ ਉਸ ਦੇ ਚੰਗੇ ਨਤੀਜੇ ਨਿਕਲਣਗੇ। ਤੁਹਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦੈ, ਪਰ ਅੰਤ ਵਿੱਚ ਸਭ ਕੁਝ ਸਹੀ ਹੋਵੇਗਾ।

ਤੁਸੀਂ ਦੂਸਰੇ ਲੋਕਾਂ ਵਰਗੇ ਨਹੀਂ। ਜੇ ਲੋੜ ਪਵੇ ਤਾਂ ਤੁਸੀਂ ਸਾਧਾਰਣ ਹੋਣ ਦੀ ਐਕਟਿੰਗ ਤਾਂ ਕਰ ਸਕਦੇ ਹੋ, ਪਰ ਬਹੁਤ ਜਲਦ ਹੀ ਤੁਸੀਂ ਇਹ ਵੀ ਜ਼ਾਹਿਰ ਕਰ ਬੈਠਦੇ ਹੋ ਕਿ ਤੁਸੀਂ ਸੰਵੇਦਨਸ਼ੀਲ, ਭਾਵੁਕ ਅਤੇ ਅਸਧਾਰਣ ਤੌਰ ‘ਤੇ ਅਨੁਭਵੀ ਹੋ, ਜੋ ਕਿ ਤੁਸੀਂ ਸੱਚਮੁੱਚ ਹੋ। ਆਖ਼ਿਰਕਾਰ, ਤੁਸੀਂ ਅਹਿਮ ਸਵਾਲ ਪੁੱਛਣ ਤੋਂ ਵੀ ਗ਼ੁਰੇਜ਼ ਨਹੀਂ ਕਰੋਗੇ ਜਾਂ ਨਾ ਹੀ ਕੁਝ ਖ਼ਾਸ ਨੁਕਤੇ ਨੋਟਿਸ ਕਰਨ ਤੋਂ ਜਿਨ੍ਹਾਂ ਤੋਂ ਦੂਸਰੇ ਅਣਜਾਣ ਹੋਣ, ਭਾਵੇਂ ਇਹ ਤੁਹਾਨੂੰ ਕਿਸੇ ਤਕਲੀਫ਼ਦੇਹ ਸਥਿਤੀ ਵਿੱਚ ਵੀ ਕਿਉਂ ਨਾ ਪਾ ਦੇਵੇ। ਤੁਸੀਂ ਇਸ ਵਕਤ ਕੁਝ ਮੁਸ਼ਕਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਇਹ ਕਰਨਾ ਹੀ ਪੈਣੈ, ਅਤੇ ਇਸ ਦੇ ਨਤੀਜੇ ਵੀ ਚੰਗੇ ਨਿਕਲਣਗੇ।