ਅੰਮ੍ਰਿਤਸਰ : ਪੂਰੇ ਉਤਰੀ ਭਾਰਤ ‘ਚ ਠੰਡ ਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਪੰਜਾਬ ‘ਚ ਸਰਦੀ ਦੇ ਨਾਲ-ਨਾਲ ਸਵਾਈਨ ਫਲੂ ਨੇ ਵੀ ਦਸਤਕ ਦੇ ਦਿੱਤੀ ਹੈ। ਅੰਮ੍ਰਿਤਸਰ ‘ਚ ਸਵਾਈਨ ਫਲੂ ਦੇ 2 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਸਵਾਈਨ ਫਲੂ ਦੇ ਦੋਵੇਂ ਮਰੀਜ਼ ਵਿਦੇਸ਼ ਤੋਂ ਆਏ ਸਨ ਤੇ ਉਥੋਂ ਹੀ ਸਵਾਈਨ ਫਲੂ ਦਾ ਵਾਇਰਲ ਉਨ੍ਹਾਂ ਦੇ ਨਾਲ ਆਇਆ ਸੀ। ਸਵਾਈਨ ਫਲੂ ਤੋਂ ਲੋਕਾਂ ਨੂੰ ਜਾਗਰੂਕ ਕਰਦਿਆਂ ਸਿਹਤ ਵਿਭਾਗ ਵਲੋਂ ਇਸ ਮਾਮਲੇ ‘ਚ ਖਾਸ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਸਵਾਈਨ ਫਲੂ ਦੇ ਲੱਛਣ ਦੱਸਦੇ ਹੋਏ ਉਨ੍ਹਾਂ ਇਸ ਬਾਰੇ ਖਾਸ ਜਾਣਕਾਰੀ ਦਿੱਤੀ।
ਸਵਾਈਨ ਫਲੂ ਤੋਂ ਬਚਾਅ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ
1. ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ।
2. ਨੱਕ, ਅੱਖਾਂ ਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਤੇ ਬਾਅਦ ‘ਚ ਸਾਬੁਣ ਨਾਲ ਚੰਗੀ ਤਰ੍ਹਾਂ ਹੱਥ ਧੋਵੋ।
3. ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਵੋ।
4. ਬਹੁਤ ਸਾਰਾ ਪਾਣੀ ਪੀਓ।
5. ਖੰਘ, ਜ਼ੁਕਾਮ ਤੇ ਬੁਖਾਰ ਵਾਲੇ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ।