ਰਾਂਚੀ— ਝਾਰਖੰਡ ਮੁਕਤੀ ਮੋਰਚਾ (ਜੇ.ਐੱਮ ਐੱਮ) ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਦੂਜੀ ਵਾਰ ਅੱਜ ਸੂਬੇ ਦੇ ਮੁੱਖ ਮੰਤਰੀ ਬਣ ਗਏ। ਰਾਜਪਾਲ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਸੂਬੇ ਦੇ 11ਵੇਂ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ ਚੁਕਾਈ। 44 ਸਾਲਾਂ ਸੋਰੇਨ ਦੂਜੀ ਵਾਰ ਝਾਰਖੰਡ ਦੇ ਮੁੱਖ ਮੰਤਰੀ ਬਣੇ ਹਨ। ਸੋਰੇਨ ਦੇ ਨਾਲ ਕਾਂਗਰਸ ਵਿਧਾਇਕ ਦਲ ਦੇ ਨੇਤਾ ਆਲਮਗੀਰ ਆਲਮ, ਸੂਬਾ ਕਾਂਗਰਸ ਦੇ ਪ੍ਰਧਾਨ ਰਾਮੇਸ਼ਵਰ ਓਰਾਂਵ ਅਤੇ ਰਾਜਦ ਵਿਧਾਇਕ ਸਤਿਆਨੰਦ ਭੋਕਤਾ ਨੇ ਵੀ ਕੈਬਨਿਟ ਮੰਤਰੀਆਂ ਦੇ ਤੌਰ ‘ਤੇ ਸਹੁੰ ਚੁੱਕੀ। ਸਹੁੰ ਚੁੱਕ ਸਮਾਰੋਹ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਪਹੁੰਚੇ।
ਦੱਸਣਯੋਗ ਹੈ ਕਿ ਹਾਲ ਹੀ ਝਾਰਖੰਡ ਵਿਧਾਨ ਸਭਾ ਚੋਣਾਂ ‘ਚ ਜੇ.ਐੱਮ.ਐੱਮ, ਕਾਂਗਰਸ ਅਤੇ ਰਾਜਦ ਦੇ ਗਠਜੋੜ ਨੇ 81 ਮੈਂਬਰੀ ਵਿਧਾਨ ਸਭਾ ‘ਚੋਂ 47 ਸੀਟਾਂ ਹਾਸਲ ਕੀਤੀਆਂ ਹਨ। ਤਿੰਨ ਪਾਰਟੀਆਂ ਦੇ ਗਠਜੋੜ ਨੂੰ ਚਾਰ ਹੋਰ ਵਿਧਾਇਕਾਂ ਨੇ ਵੀ ਸਮਰਥਨ ਦਿੱਤਾ। ਇਨ੍ਹਾਂ ‘ਚ 3 ਵਿਧਾਇਖ ਝਾਰਖੰਡ ਵਿਕਾਸ ਮੋਰਚੇ ਦੇ ਅਤੇ 1 ਵਿਧਾਇਕ ਭਾਕਪਾ ਦਾ ਹੈ।