ਨਵੀਂ ਦਿੱਲੀ— ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿਖੇ ਅੱਜ ਭਾਵ ਐਤਵਾਰ ਨੂੰ ਸੀ. ਆਰ. ਪੀ. ਐੱਫ. ਹੈੱਡਕੁਆਰਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸ਼ਾਹ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਦੁਨੀਆ ਦੀ ਸਭ ਤੋਂ ਬਹਾਦਰ ਹਥਿਆਰਬੰਦ ਫੋਰਸ ਹੈ। ਕਈ ਮੌਕਿਆਂ ‘ਤੇ ਜਵਾਨਾਂ ਨੇ ਆਪਣੇ ਬਲੀਦਾਨ ਨਾਲ ਇਸ ਗੱਲ ਨੂੰ ਸਿੱਧ ਕੀਤਾ ਹੈ। ਇਤਿਹਾਸ ਦੇ ਪੰਨਿਆਂ ‘ਚ ਸੀ. ਆਰ. ਪੀ. ਐੱਫ. ਦੇ ਕਿੱਸਿਆਂ ਨੂੰ ਸਥਾਨ ਦੇਣਾ ਹੀ ਪਵੇਗਾ। ਕਰੀਬ 2,184 ਜਵਾਨਾਂ ਨੇ ਮਾਂ ਭਾਰਤੀ ਲਈ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ 21 ਅਕਤੂਬਰ 1959 ਨੂੰ ਸੀ. ਆਰ. ਪੀ. ਐੱਫ. ਦੇ ਸਿਰਫ 10 ਜਾਬਾਜ਼ਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਲੈੱਸ ਚੀਨ ਦੀ ਟੁੱਕੜੀ ਦਾ ਸਾਹਮਣਾ ਕੀਤਾ ਅਤੇ ਬਲੀਦਾਨ ਦਿੱਤਾ। 21 ਅਕਤੂਬਰ ਨੂੰ ਪੁਲਸ ਯਾਦਗਰੀ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਅੱਜ ਸੀ. ਆਰ. ਪੀ. ਐੱਫ. ਲਈ ਬਹੁਤ ਮਾਣ ਵਾਲਾ ਦਿਨ ਹੈ। ਇਹ ਮੇਰੇ ਲਈ ਵੀ ਬਹੁਤ ਮਾਣ ਵਾਲ ਪਲ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਹੈੱਡਕੁਆਰਟ ਦਾ ਨੀਂਹ ਪੱਥਰ ਮੇਰੇ ਹੱਥੋਂ ਰੱਖਿਆ ਜਾ ਰਿਹਾ ਹੈ।
ਮੈਂ ਉਨ੍ਹਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। 80 ਤੋਂ 90 ਦੇ ਦਹਾਕਾ ਇਸ ਦੇਸ਼ ਅੰਦਰ ਕਈ ਪ੍ਰਕਾਰ ਦੀਆਂ ਮੁਸੀਬਤਾਂ ਲੈ ਕੇ ਆਇਆ। ਗੁਆਂਢੀ ਦੇਸ਼ ਨੇ ਲੋਕਾਂ ਨੂੰ ਗੁੰਮਰਾਹ ਕੀਤਾ, ਤਾਂ ਕਿ ਅੱਤਵਾਦ ਫੈਲਾਇਆ ਜਾ ਸਕੇ। ਜੰਮੂ-ਕਸ਼ਮੀਰ, ਤ੍ਰਿਪੁਰਾ ਅਤੇ ਪੰਜਾਬ ਅੱਜ ਸ਼ਾਂਤੀ ਨਾਲ ਜੀਅ ਰਹੇ ਹਨ, ਇਸ ‘ਚ ਸੀ. ਆਰ. ਪੀ. ਐੱਫ. ਦਾ ਬਹੁਤ ਵੱਡਾ ਯੋਗਦਾਨ ਹੈ। ਮੋਰਚੇ ‘ਤੇ ਜਦੋਂ ਜਵਾਨ ਲੜਦਾ ਹੈ ਤਾਂ ਉਸ ਨੂੰ ਸ਼ੌਰਈਆ ਚੱਕਰ ਦਾ ਲਾਲਚ ਨਹੀਂ ਹੁੰਦਾ, ਸਗੋਂ ਇਕ ਮਾਣ ਨਾਲ ਉਹ ਲੜਦਾ ਹੈ ਕਿ ਦੁਸ਼ਮਣ ਨੂੰ ਮੈਂ ਇਸ ਧਰਤੀ ਤੋਂ ਬਾਹਰ ਕਰ ਦੇਵਾਂ। 2019 ‘ਚ ਭਾਰਤ ਸਰਕਾਰ ਨੇ ਕਈ ਸ਼ੌਰਈਆ ਚੱਕਰ ਪ੍ਰਦਾਨ ਕੀਤੇ। ਸਭ ਤੋਂ ਜ਼ਿਆਦਾ ਸੀ. ਆਰ. ਪੀ. ਐੱਫ ਨੇ ਪ੍ਰਾਪਤ ਕੀਤੇ। ਦੇਸ਼ ਵਿਚ ਕਿਸੇ ਵੀ ਪ੍ਰਕਾਰ ਦੇ ਦੰਗੇ ਹੋਏ ਤਾਂ ਉਨ੍ਹਾਂ ਨੂੰ ਸੀ. ਆਰ. ਪੀ. ਐੱਫ. ਨੇ ਕੰਟਰੋਲ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹਥਿਆਰਬੰਦ ਫੋਰਸ ਦੇ ਜਵਾਨਾਂ ਲਈ ਇਕ ਸੂਤਰ ਅਪਣਾਇਆ ਹੈ ਕਿ ਤੁਸੀਂ ਦੇਸ਼ ਦੀ ਸੁਰੱਖਿਆ ਕਰੋ, ਤੁਹਾਡੇ ਪਰਿਵਾਰ ਦੀ ਚਿੰਤਾ ਅਤੇ ਸੁਰੱਖਿਆ ਅਸੀਂ ਕਰਾਂਗੇ।