ਨਾਭਾ : ਆਲ ਇੰਡੀਆ ਐਂਟੀ-ਟੈਰਾਰਿਸਟ ਫਰੰਟ ਦੇ ਕੌਮੀ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਜਨ ਸਿਹਤ ਅਤੇ ਟਰਾਂਸਪੋਰਟ ਮੰਤਰੀ ਮਨਿੰਦਰਜੀਤ ਸਿੰਘ ਬਿੱਟਾ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚੋਂ ਨਰਸਿਮ੍ਹਾ ਰਾਓ ਦੀ ਕੇਂਦਰੀ ਸਰਕਾਰ ਨੇ ਅੱਤਵਾਦ ਦਾ ਖਾਤਮਾ ਕਰ ਕੇ ਸੂਬੇ ‘ਚ ਅਮਨ-ਸ਼ਾਂਤੀ ਬਹਾਲ ਕੀਤੀ ਸੀ। ਉਂਝ ਹੀ ਨਰਿੰਦਰ ਮੋਦੀ ਸ਼ਾਹ ਜੋੜੀ ਨੇ ਜੰਮੂ-ਕਸ਼ਮੀਰ ‘ਚੋਂ ਦਹਿਸ਼ਤਗਰਦੀ ਖਤਮ ਕਰਨ ਲਈ ਧਾਰਾ 370 ਨੂੰ ਹਟਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।
ਪਾਕਿਸਤਾਨੀ ਅੱਤਵਾਦੀਆਂ ਨੇ ਸਾਡੇ ਦੇਸ਼ ਦੀ ਪਾਰਲੀਮੈਂਟ ‘ਤੇ ਹਮਲਾ ਕੀਤਾ ਸੀ, ਜਿਸ ‘ਚ 8 ਬਹਾਦਰ ਜਵਾਨਾਂ ਨੇ ਸ਼ਹਾਦਤਾਂ ਦੇ ਕੇ ਅੱਤਵਾਦੀਆਂ ਦਾ ਖਾਤਮਾ ਕੀਤਾ ਸੀ। ਪੰਜਾਬ ‘ਚ ਅੱਤਵਾਦੀਆਂ ਨੇ 36 ਹਜ਼ਾਰ ਬੇਗੁਨਾਹ ਲੋਕਾਂ ਦਾ ਕਤਲ ਕੀਤਾ। ਜੰਮੂ-ਕਸ਼ਮੀਰ ‘ਚ ਵੀ ਸੈਂਕੜੇ ਕਸ਼ਮੀਰੀ ਪੰਡਤ ਬੇਘਰ ਕੀਤੇ। ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਨੇ 5 ਮਹੀਨੇ ਪਹਿਲਾਂ ਦਲੇਰਾਨਾ ਕਦਮ ਚੁੱਕਿਆ, ਜਿਸ ਨਾਲ ਜੰਮੂ-ਕਸ਼ਮੀਰ ‘ਚ ਸ਼ਾਂਤੀ ਕਾਇਮ ਹੋਈ। ਜੋ ਕੰਮ ਪਿਛਲੇ 72 ਸਾਲਾਂ ‘ਚ ਨਹੀਂ ਹੋ ਸਕਿਆ, ਉਹ ਧਾਰਾ 370 ਖਤਮ ਕਰ ਕੇ ਮੋਦੀ ਸਰਕਾਰ ਨੇ ਕਰ ਵਿਖਾਇਆ। ਬਿੱਟਾ ਨੇ ਅੱਗੇ ਕਿਹਾ ਕਿ ਪਾਕਿਸਤਾਨ ਵਿਸ਼ਵ ਦਾ ਟੈਰਾਰਿਸਟ ਦੇਸ਼ ਬਣ ਗਿਆ ਹੈ ਜੋ ਸ਼ਾਂਤੀ ਦਾ ਦੁਸ਼ਮਣ ਹੈ। ਪੰਜਾਬ ‘ਚ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ, ਰਮੇਸ਼ ਚੰਦਰ ਜੀ, ਬੇਅੰਤ ਸਿੰਘ, ਜੋਗਿੰਦਰਪਾਲ ਪਾਂਡੇ, ਹਿਤ ਅਭਿਲਾਸ਼ੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਗਤ ਰਾਮ ਅਤੇ ਹੋਰ ਅਨੇਕਾਂ ਸਿਆਸਤਦਾਨਾਂ ਨੇ ਸ਼ਹਾਦਤ ਦਿੱਤੀ। ਦੇਸ਼ ਦੇ ਅਨੇਕਾਂ ਸੂਬਿਆਂ ‘ਚ ਹਿੰਸਾ ਫੈਲੀ ਪਰ ਸਿਆਸਤਦਾਨਾਂ ਨੇ ਕਦੇ ਵੀ ਅੱਤਵਾਦ ਤੋਂ ਸਬਕ ਗ੍ਰਹਿਣ ਨਹੀਂ ਕੀਤਾ। ਅੱਜ ਸਮੇਂ ਦੀ ਮੰਗ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਖਤਮ ਕਰਨ ਲਈ ਇਕ ਪਲੇਟਫਾਰਮ ‘ਤੇ ਇਕੱਠੀਆਂ ਹੋਣ।
ਬਿੱਟਾ ਨੇ ਕਿਹਾ ਕਿ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਕੇਸਾਂ ਦੀ ਸੁਣਵਾਈ ਅਤੇ ਸਜ਼ਾਵਾਂ ਦੇਣ ਲਈ ਫਾਸਟ ਟਰੈਕ ਅਦਾਲਤਾਂ ਕਾਇਮ ਕੀਤੀਆਂ ਜਾਣ। ਉਨ੍ਹਾਂ ਇਥੇ ਜੈਨ ਨਿਵਾਸ ਵਿਖੇ ਫਰੰਟ ਦੇ ਅਹੁਦੇਦਾਰਾਂ ਨਾਲ ਮੀਟਿੰਗ ਵੀ ਕੀਤੀ। ਪੁਲਸ ਇੰਸਪੈਕਟਰ ਗੁਰਪ੍ਰਤਾਪ ਸਿੰਘ ਅਤੇ ਡੀ. ਐੱਸ. ਪੀ. ਥਿੰਦ ਦੀ ਨਿਗਰਾਨੀ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।