ਨਵੀਂ ਦਿੱਲੀ— ਫੌਜੀ ਮੁਖੀ ਬਿਪਿਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਹੋਣਗੇ। ਕੇਂਦਰ ਸਰਕਾਰ ਨੇ ਐਤਵਾਰ ਨੂੰ ਹੀ ਸੀ.ਡੀ.ਐੱਸ. ਪੋਸਟ ਲਈ ਉਮਰ ਦੀ ਹੱਦ ਵਧਾਈ ਸੀ। ਦੱਸਣਯੋਗ ਹੈ ਕਿ ਰਾਵਤ 31 ਦਸੰਬਰ ਨੂੰ ਫੌਜ ਮੁਖੀ ਅਹੁਦੇ ਤੋਂ ਰਿਟਾਇਰ ਹੋ ਰਹੇ ਹਨ। ਰਾਵਤ ਦੀ ਜਗ੍ਹਾ ਮਨੋਜ ਮੁਕੁੰਦ ਨਰਵਨੇ ਨਵੇਂ ਆਰਮੀ ਚੀਫ਼ ਹੋਣਗੇ।
ਦੱਸਣਯੋਗ ਹੈ ਕਿ ਰੱਖਿਆ ਮੰਤਰਾਲੇ ਨੇ ਫੌਜ ਨਿਯਮਾਂ 1954 ‘ਚ ਕਾਰਜਕਾਲ ਅਤੇ ਫੌਜ ਦੇ ਨਿਯਮਾਂ ‘ਚ ਸੋਧ ਕੀਤਾ ਹੈ। ਮੰਤਰਾਲੇ ਨੇ 28 ਦਸੰਬਰ ਦੀ ਆਪਣੀ ਨੋਟੀਫਿਕੇਸ਼ਨ ‘ਚ ਕਿਹਾ ਹੈ ਕਿ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਜਾਂ ਟ੍ਰਾਈ-ਸਰਵਿਸੇਜ਼ ਮੁਖੀ 65 ਸਾਲ ਦੀ ਉਮਰ ਤੱਕ ਸੇਵਾ ਦੇ ਸਕਣਗੇ। ਇਸ ‘ਚ ਕਿਹਾ ਗਿਆ,”ਕੇਂਦਰ ਸਰਕਾਰ ਜੇਕਰ ਜ਼ਰੂਰੀ ਸਮਝੇ ਤਾਂ ਜਨਹਿੱਤ ‘ਚ ਚੀਫ ਆਫ ਡਿਫੈਂਸ ਸਟਾਫ ਦੀ ਸੇਵਾ ਨੂੰ ਵਿਸਥਾਰ ਦੇ ਸਕਦੀ ਹੈ।” ਜਨਰਲ ਬਿਪਿਨ ਰਾਵਤ, ਫੌਜੀ ਮੁਖੀ ਅਹੁਦੇ ਤੋਂ 31 ਦਸੰਬਰ ਨੂੰ ਰਿਟਾਇਰ ਹੋਣਗੇ। ਮੌਜੂਦਾ ਨਿਯਮਾਂ ਅਨੁਸਾਰ, ਤਿੰਨੋਂ ਫੌਜਾਂ ਦੇ ਮੁਖੀ 62 ਸਾਲ ਦੀ ਉਮਰ ਤੱਕ ਜਾਂ ਤਿੰਨ ਸਾਲ ਤੱਕ ਸੇਵਾ ਦੇ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਕੇਂਦਰੀ ਮੰਤਰੀ ਮੰਡਲ ਨੇ 24 ਦਸੰਬਰ ਨੂੰ ਸੀ.ਡੀ.ਐੱਸ. ਪੋਸਟ ਅਤੇ ਇਸ ਦੇ ਚਾਰਟਰ ਅਤੇ ਡਿਊਟੀਜ਼ ਨੂੰ ਮਨਜ਼ੂਰੀ ਦੇ ਦਿੱਤੀ ਸੀ।