ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਧਾਕੜ ਕ੍ਰਿਕਟਰ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਕ੍ਰਿਕਟ ਦੀ ਬਾਈਬਲ ਕਹੀ ਜਾਣ ਵਾਲੀ ਵਿਜ਼ਡਨ ਦੀ ਇੱਕ ਦਹਾਕੇ ਦੀ ਸਰਵਸ੍ਰੇਸ਼ਠ T-20 ਕੌਮਾਂਤਰੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਵਿਜ਼ਡਨ ਦੀ T-20 ਟੀਮ ਔਫ਼ ਦਾ ਡੈਕੇਡ ਦੀ ਅਗਵਾਈ ਆਸਟਰੇਲੀਆ ਦੇ ਐਰੋਨ ਫ਼ਿੰਚ ਨੂੰ ਸੌਂਪੀ ਗਈ ਹੈ। ਦਿਲਚਸਪ ਹੈ ਕਿ ਇਸ ਟੀਮ ਵਿੱਚ ਭਾਰਤ ਦੇ ਸਫ਼ਲ ਕਪਤਾਨ ਅਤੇ ਤਜਰੇਬਾਕਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਅਤੇ ਸੀਮਿਤ ਸਵਰੂਪ ਦੇ ਮਾਹਿਰ ਮੰਨੇ ਜਾਣ ਵਾਲੇ ਰੋਹਿਤ ਸ਼ਰਮਾ ਨੂੰ ਜਗ੍ਹਾ ਨਹੀਂ ਮਿਲੀ।
ਵਿਜ਼ਡਨ ਨੇ ਵਿਰਾਟ ਦੇ ਬਾਰੇ ਵਿੱਚ ਲਿਖਿਆ, ”ਵਿਰਾਟ ਦਾ ਘਰੇਲੂ T-20 ਕ੍ਰਿਕਟ ਵਿੱਚ ਰਿਕਾਰਡ ਬਹੁਤਾ ਚੰਗਾ ਨਹੀਂ, ਪਰ ਉਸ ਦੇ ਕੌਮਾਂਤਰੀ T-20 ਰਿਕਾਰਡ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ। ਵਿਰਾਟ ਦੀ 53 ਦੀ ਔਸਤ ਇੱਕ ਦਹਾਕੇ ਵਿੱਚ ਸਭ ਤੋਂ ਚੰਗੀ ਹੈ। ਉਸ ਦਾ ਸਟ੍ਰਾਈਕ ਰੇਟ ਕੁੱਝ ਘੱਟ ਰਿਹਾ ਹੈ, ਪਰ ਇਸ ਦੇ ਬਾਵਜੂਦ ਉਸ ਦਾ ਰਨ ਰੇਟ ਭਾਵੇਂ ਹੀ ਆਸਾਧਾਰਨ ਨਾ ਹੋਵੇ ਪਰ ਪ੍ਰਭਾਵਸ਼ਾਲੀ ਹੈ। ਸਪਿਨ ਅਤੇ ਤੇਜ਼ ਗੇਂਦਬਾਜ਼ੀ ਵਿਰੁੱਧ ਮਜ਼ਬੂਤ ਅਤੇ ਵਿਕਟ ਵਿਚਾਲੇ ਵਿੱਚ ਫ਼ਰਾਟਾ ਲਾਉਣ ਵਾਲਾ ਵਿਰਾਟ ਨੰਬਰ-3 ਕ੍ਰਮ ‘ਤੇ ਇੱਕ ਆਦਾਰਸ਼ ਖਿਡਾਰੀ ਹੈ। ਉਹ ਦੂਜੇ ਪਾਸੇ ‘ਤੇ ਵਿਕਟਾਂ ਡਿੱਗਣ ਦੇ ਬਾਵਜੂਦ ਪਾਰੀਆਂ ਨੂੰ ਸੰਭਾਲਦਾ ਹੈ ਅਤੇ ਟਿਕਣ ਤੋਂ ਬਾਅਦ ਆਪਣੀ ਰਨ ਰੇਟ ਨੂੰ ਤੇਜ਼ ਕਰ ਲੈਂਦਾ ਹੈ। ਪਹਿਲਾਂ ਵਿਕਟ ਲਈ ਵੱਡੀ ਸਾਂਝੇਦਾਰੀ ਕਰਨ ਤੋਂ ਬਾਅਦ ਵਿਰਾਟ ਆਖਰੀ-11 ਵਿੱਚ ਬਾਕੀ ਸਥਿਤੀ ਨੂੰ ਸੰਭਾਲ ਸਕਦਾ ਹੈ।”
ਭਾਰਤੀ ਕਪਤਾਨ ਵਿਰਾਟ ਨੂੰ T-20 ਸਵਰੂਪ ਦੇ ਇਲਾਵਾ ਵਿਜ਼ਡਨ ਦੀ ਟੈੱਸਟ ਅਤੇ ਵਨ ਡੇ ਟੀਮ ਔਫ਼ ਦਾ ਡੈਕੇਡ ਵਿੱਚ ਵੀ ਜਗ੍ਹਾ ਮਿਲੀ ਹੈ। ਵਿਰਾਟ ਨੂੰ ਇਸ ਦੇ ਨਾਲ ਵਿਜ਼ਡਨ ਦੇ ਦਹਾਕੇ ਦੇ ਪੰਜ ਸਰਵਸ੍ਰੇਸ਼ਠ ਕ੍ਰਿਕਟਰਾਂ ਦੀ ਸੂਚੀ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ ਜਿਸ ਵਿੱਚ ਸਟੀਵ ਸਮਿਥ, ਡੇਲ ਸਟੇਨ, ਏ. ਬੀ. ਡਿਵਿਲੀਅਰਜਜ਼ ਅਤੇ ਮਹਿਲਾ ਕ੍ਰਿਕਟਰ ਐਲਿਸ ਪੈਰੀ ਸ਼ਾਮਿਲ ਹੈ। ਵੱਕਾਰੀ ਵਿਜ਼ਡਨ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਵੀ ਜਗ੍ਹਾ ਬਣਾਉਣ ਵਿੱਚ ਸਫ਼ਲ ਰਿਹਾ ਹੈ। ਵਿਜ਼ਡਨ ਨੇ ਜਾਰੀ ਬਿਆਨ ਵਿੱਚ ਬੁਮਰਾਹ ਦੀ ਸ਼ਲਾਘਾ ਕਰਦਿਆਂ ਕਿਹਾ, ”ਸਿਰਫ਼ 2016 ਵਿੱਚ ਹੀ ਡੈਬਿਊ ਕਰਨ ਦੇ ਬਾਵਜੂਦ ਬੁਮਰਾਹ ਨੇ ਆਪਣੇ ਬਿਹਤਰੀਨ ਰਖਿਆਤਮਕ ਖੇਡ ਦੀ ਬਦੌਲਤ ਭਾਰਤੀ ਟੀਮ ਵਿੱਚ ਜਗ੍ਹਾ ਬਣਾ ਲਈ। ਬੁਮਰਾਹ ਦਾ ਓਵਰਆਲ ਇੱਕੌਨੋਮੀ ਰੇਟ 6.71 ਹੈ ਜਿਹੜਾ ਵਿਸ਼ਵ ਦੇ ਤੇਜ਼ ਗੇਂਦਬਾਜ਼ਾਂ ਵਿੱਚ ਦੂਜਾ ਸਰਵਸ੍ਰੇਸ਼ਠ ਇੱਕੌਨੋਮੀ ਰੇਟ ਹੈ। ਇਸ ਤੋਂ ਇਸ ਮਾਮਲੇ ਵਿੱਚ ਸਿਰਫ਼ ਡੇਲ ਸਟੇਨ ਹੀ ਅੱਗੇ ਹੈ। ਇਹ ਵੀ ਵਿਸ਼ੇਸ਼ ਤਦ ਲੱਗਦਾ ਹੈ ਜਦੋਂ ਉਸ ਨੇ ਆਪਣੀ ਗੇਂਦਬਾਜ਼ੀ ਮੁੱਖ ਰੂਪ ਨਾਲ ਡੈੱਥ ਓਵਰਾਂ ਵਿੱਚ ਕੀਤੀ ਹੋਵ ਜਿੱਥੇ ਉਸ ਦੀ ਇੱਕੌਨੋਮੀ ਰੇਟ 7.27 ਹੈ ਜਿਹੜੀ ਦੁਨੀਆ ਦੇ ਤੇਜ਼ ਗੇਂਦਬਾਜ਼ਾਂ ਵਿੱਚ ਸੱਤਵੀਂ ਸਰਵਸ੍ਰੇਸ਼ਠ ਹੈ।”

ਵਿਜ਼ਡਨ ਦੀ ਦਹਾਕੇ ਦੀ T-20 ਟੀਮ: ਐਰੋਨ ਫ਼ਿੰਚ (ਕਪਤਾਨ), ਕੌਲਿਨ ਮੁਨਰੋ, ਵਿਰਾਟ ਕੋਹਲੀ, ਸ਼ੇਨ ਵਾਟਸਨ, ਗਲੈੱਨ ਮੈਕਸਵੈੱਲ, ਜੋਸ ਬਟਲਰ, ਮੁਹੰਮਦ ਨਬੀ, ਡੇਵਿਡ ਵਿਲੀ, ਰਾਸ਼ਿਦ ਖ਼ਾਨ, ਜਸਪ੍ਰੀਤ ਬੁਮਰਾਹ ਅਤੇ ਲਸਿਥ ਮਲਿੰਗਾ।