”ਹਥਲੀ ਲੇਖਣੀ ਵਿੱਚ ਥੋੜ੍ਹੀ ਜਿੰਨੀ ਰੁਕਾਵਟ ਲਈ ਖੇਦ ਹੈ, ਪਰ ਮੈਂ ਇੱਕ ਅਹਿਮ ਸੂਚਨਾ ਦੇਣਾ ਚਾਹੁੰਦਾਂ। ਇੱਕ ਦੋਗਲਾ ਫ਼ਰਾਰ ਹੋਣ ਵਿੱਚ ਕਾਮਯਾਬ ਗਿਐ। ਜੇਕਰ ਤੁਹਾਨੂੰ ਉਹ ਪ੍ਰਾਣੀ ਕਿਤੇ ਟੱਕਰ ਜਾਏ ਤਾਂ ਕਿਰਪਾ ਕਰ ਕੇ ਉਸ ਦੀਆਂ ਊਣਤਾਈਆਂ ਵੱਲ ਉਸ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਨਾ ਕਰਿਆ ਜੇ।” ਅਸਲੀ ਜ਼ਿੰਦਗੀ ਵਿੱਚ, ਪਰ, ਦੋਗਲੇ ਚਿੜੀਆ-ਘਰਾਂ ਵਿੱਚ ਨਹੀਂ ਰੱਖੇ ਜਾਂਦੇ। ਇਸ ਸੰਸਾਰ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਉਹ ਮੌਜੂਦ ਹਨ। ਉਨ੍ਹਾਂ ਨੂੰ ਦੇਖਣ ਲਈ ਸਫ਼ਰ ਕਰ ਕੇ ਕਿਤੇ ਜਾਣ ਦੀ ਕੀ ਲੋੜ ਹੈ ਜਦੋਂ ਕੇਵਲ ਸ਼ੀਸ਼ਾ ਦੇਖ ਕੇ ਹੀ ਇੱਕ ਦੇ ਦਰਸ਼ਨ ਕੀਤੇ ਜਾ ਸਕਦੇ ਹੋਣ। ਕੀ ਕਿਹਾ? ਨਿਰਸੰਦੇਹ, ਮੈਂ ਤੁਹਾਡੇ ਬਾਰੇ ਕੁਝ ਨਹੀਂ ਕਹਿ ਰਿਹਾ। ਇੰਨੇ ਸੰਵੇਦਨਸ਼ੀਲ ਨਾ ਬਣੋ। ਮੈਂ ਤਾਂ ਕੇਵਲ ਤੁਹਾਡਾ ਧਿਆਨ ਇਸ ਹਕੀਕਤ ਵੱਲ ਦਿਵਾ ਰਿਹਾਂ ਕਿ ਕੋਈ ਇਸ ਵਕਤ ਕੁਝ ਹੱਦ ਤਕ ਡਾਵਾਂਡੋਲਤਾ ਦਾ ਮੁਜ਼ਾਹਰਾ ਕਰ ਰਿਹੈ। ਪਰ ਕੇਵਲ ਇਸ ਕਾਰਨ ਹੀ ਉਨ੍ਹਾਂ ਦੇ ਕਿਰਦਾਰ ਬਾਰੇ ਕੋਈ ਫ਼ੈਸਲਾ ਨਾ ਦਿਓ, ਅਤੇ ਬਦਲੇ ਵਿੱਚ ਉਹ ਵੀ ਤੁਹਾਡੇ ਬਾਰੇ ਫ਼ੈਸਲਾ ਦੇਣ ਵਿੱਚ ਘੱਟ ਦਿਲਚਸਪੀ ਦਿਖਾਉਣਗੇ।

ਚੋਣਾਂ ਕਰਨ ਦੀ ਕੀ ਲੋੜ ਹੈ ਜਦੋਂ ਤੁਸੀਂ ਕਿਸੇ ਹੋਰ ਕੋਲੋਂ ਆਪਣੇ ਲਈ ਇਹ ਕਾਰਜ ਕਰਵਾ ਸਕਦੇ ਹੋਵੋ? ਆਪਣੇ ਸੁਆਦ ਅਤੇ ਆਪਣੀਆਂ ਪ੍ਰਾਥਮਿਕਤਾਵਾਂ ਰੱਖਣ ਦੀ ਕੀ ਲੋੜ ਜਦੋਂ ਤੁਹਾਡਾ ਕੋਈ ਦੋਸਤ ਜਾਂ ਸਾਥੀ ਇਨ੍ਹਾਂ ਮਾਮਲਿਆਂ ਦੀ ਤੁਹਾਡੇ ਤੋਂ ਜ਼ਿਆਦਾ ਸਮਝ ਰੱਖਦਾ ਹੋਵੇ। ਵੈਸੇ ਤੁਸੀਂ ਰਾਹ ‘ਚੋਂ ਪਰ੍ਹੇ ਹੀ ਕਿਉਂ ਨਹੀਂ ਹੋ ਜਾਂਦੇ ਅਤੇ ਦੂਸਰਿਆਂ ਨੂੰ ਸਾਰੇ ਫ਼ੈਸਲੇ ਕਰਨ ਦਿੰਦੇ? ਹਰ ਰਿਸ਼ਤੇ, ਦੋਸਤੀ, ਸਮਝੌਤੇ ਜਾਂ ਸ਼ਮੂਲੀਅਤ ਵਿੱਚ ਕੁਝ ਨਾ ਕੁਝ ਲੈਣ ਦੇਣ ਹੋਣਾ ਜ਼ਰੂਰੀ ਹੁੰਦੈ। ਕਈ ਵਾਰ, ਇਹ ਜ਼ਰੂਰੀ ਅਤੇ ਮੁਨਾਸਿਬ ਵੀ ਹੁੰਦੈ ਕਿ ਉਨ੍ਹਾਂ ਵਿੱਚੋਂ ਕੋਈ ਇੱਕ ਦੂਜੇ ਨਾਲੋਂ ਜ਼ਿਆਦਾ ਝੁੱਕੇ, ਘੱਟੋਘੱਟ ਕੁਝ ਚਿਰ ਲਈ। ਪਰ ਇਸ ਵਕਤ ਤੁਸੀਂ ਆਪਣੀ ਲੋੜੋਂ ਅਤੇ ਵਿੱਤੋਂ ਵੱਧ ਕਰਨ ਦੇ ਖ਼ਤਰੇ ਵਿੱਚ ਹੋ। ਇਸ ਲਈ ਜਿੱਥੇ ਖੜ੍ਹੇ ਹੋ ਉੱਥੇ ਹੀ ਡਟੇ ਰਹੋ।

ਕੁਝ ਲੋਕ ਸੋਚਦੇ ਨੇ ਕਿ ਇਸ ਸੰਸਾਰ ਦੇ ਸਾਰੇ ਦੁਖਾਂ ਦਾ ਇੱਕੋ ਇੱਕ ਇਲਾਜ ਹੈ ਆਰਥਿਕ ਵਿਕਾਸ। ਦੂਸਰੇ ਕਹਿੰਦੇ ਨੇ ਕਿ ਇਹੀ ਤਾਂ ਸਾਡੇ ਸਾਰੇ ਦੁਖਾਂ ਦਾ ਕਾਰਨ ਹੈ। ਵਾਤਾਵਰਣ ਦੇ ਮਾਹਿਰਾਂ ਦਾ ਕਹਿਣੈ, ”ਸਾਨੂੰ ਥੋੜ੍ਹੇ ਨਾਲ ਹੀ ਗੁਜ਼ਾਰਾ ਕਰਨਾ ਸਿੱਖਣਾ ਅਤੇ ਸਾਦਾ ਜੀਵਨ ਜਿਊਣਾ ਚਾਹੀਦੈ।” ਉਨ੍ਹਾਂ ਦੇ ਵਿਰੋਧੀ ਕਹਿੰਦੇ ਹਨ, ”ਜੀ ਨਹੀਂ, ਸਾਨੂੰ ਬਿਹਤਰੀ ਲਈ ਸੰਘਰਸ਼ ਕਰਦੇ ਰਹਿਣਾ ਚਾਹੀਦੈ।” ਇਸ ਸਭ ਤੋਂ ਅਸੀਂ ਇਹ ਨਤੀਜਾ ਕੱਢ ਸਕਦੇ ਹਾਂ ਕਿ ਅਜਿਹਾ ਕੋਈ ਵੀ ਮਾਹਿਰ ਨਹੀਂ ਜਿਸ ਦੇ ਸ਼ਬਦ ਇਨ੍ਹਾਂ ਮਾਮਲਿਆਂ ‘ਚ ਹਰਫ਼ੇ ਆਖ਼ਿਰ ਹੋਣ। ਵਕਤ ਹੈ ਇਨ੍ਹਾਂ ਤਥਾਕਥਿਤ ਮਾਹਿਰਾਂ ਨੂੰ ਅਣਗੌਲਿਆ ਕਰਨ ਦਾ ਅਤੇ ਕਿਸੇ ਅਜਿਹੀ ਚੀਜ਼ ‘ਤੇ ਹੱਥ ਅਜ਼ਮਾਉਣ ਦਾ ਜਿਸ ਬਾਰੇ ਤੁਹਾਨੂੰ ਲੰਬੇ ਸਮੇਂ ਤੋਂ ਸ਼ੱਕ ਸੀ ਕਿ ਉਹ ਤੁਹਾਡੇ ਜੀਵਨ ਵਿੱਚ ਬਿਹਤਰੀ ਲਿਆ ਸਕਦੀ ਹੈ।

ਮਨੋਵਿਗਿਆਨੀਆਂ ਦਾ ਕਹਿਣੈ ਕਿ ਸਾਰੀਆਂ ਚੀਜ਼ਾਂ ਕਰਨ ਦੇ ਸਾਡੇ ਕੋਲ ਦੋ ਕਾਰਨ ਹੁੰਦੇ ਹਨ। ਸਾਡਾ ਐਲਾਨਿਆ, ਤਰਕਸ਼ੀਲ ਕਾਰਨ ਅਤੇ ਸਾਡਾ ਗੁਪਤ, ਭਾਵਨਾਤਮਕ, ਤਰਕਹੀਣ ਕਾਰਨ। ਸਲੀਕੇਦਾਰ ਸਮਾਜ ਵਿੱਚ, ਅਸੀਂ ਕਦੇ ਵੀ ਇਸ ਕਾਲੇ, ਵਧੇਰੇ ਤਾਕਤਵਰ ਪੱਖ ਦੀ ਹੋਂਦ ਨੂੰ ਨਹੀਂ ਕਬੂਲਦੇ। ਕਿਉਂਕਿ ਅਸੀਂ ਸਿਆਣੇ ਦਿਖਣਾ ਚਾਹੁੰਦੇ ਹਾਂ। ਪਰ, ਜਿੰਨਾ ਜ਼ਿਆਦਾ ਅਸੀਂ ਉਨ੍ਹਾਂ ਤੀਬਰ ਇੱਛਾਵਾਂ ਨੂੰ ਦਬਾਉਂਦੇ ਹਾਂ ਜਿਨ੍ਹਾਂ ਨੂੰ ਨਾ ਤਾਂ ਅਸੀਂ ਪੜਚੋਲਣ ਦੀ ਹਿੰਮਤ ਦਿਖਾ ਸਕਦੇ ਹਾਂ ਅਤੇ ਨਾ ਹੀ ਸਵੀਕਾਰਣ ਦੀ, ਅਸੀਂ ਓਨੇ ਹੀ ਜ਼ਿਆਦਾ ਚਿੜਚਿੜੇ ਬਣ ਜਾਂਦੇ ਹਾਂ। ਸਭ ਕੁਝ ਸਾਹਮਣੇ ਅਤੇ ਕੁਝ ਵੀ ਲੁਕਵਾਂ ਨਹੀਂ। ਜਾਂ ਸਭ ਦਿਖਾਵਾ ਅਤੇ ਕੋਈ ਵੀ ਸੱਚਾਈ ਨਹੀਂ। ਤੁਹਾਨੂੰ ਆਪਣੇ ਧੁਰ ਅੰਦਰ ਦੀ ਗੱਲ ਸੁਣਨ ਲਈ ਕੋਈ ਵੀ ਤਰਕ ਦੇਣ ਦੀ ਲੋੜ ਨਹੀਂ। ਤੁਸੀਂ ਜੋ ਮਹਿਸੂਸ ਕਰਦੇ ਹੋ ਉਸ ਵਿੱਚ ਸੱਚਮੁੱਚ ਵਿਸ਼ਵਾਸ ਕਰ ਸਕਦੇ ਹੋ।

”ਤੁਹਾਨੂੰ ਆਸ਼ਾਵਾਦੀ ਕਿਉਂ ਹੋਣਾ ਚਾਹੀਦੈ? ਕੀ ਅਤੀਤ ਵਿੱਚ ਤੁਸੀਂ ਕਈ ਵਾਰ ਨਿਰਾਸ਼ ਨਹੀਂ ਹੋ ਚੁੱਕੇ? ਉਤਸ਼ਾਹਜਨਕ ਮਹਿਸੂਸ ਕਰਨ ਦਾ ਕੀ ਫ਼ਾਇਦਾ? ਕਿਸੇ ਅਜਿਹੀ ਸ਼ੈਅ ਵਿੱਚ ਆਪਣੇ ਯਕੀਨ ਦਾ ਮੁਜ਼ਾਹਰਾ ਕਰ ਕੇ ਜਿਹੜੀ ਤੁਹਾਨੂੰ ਨੀਵਾਂ ਦਿਖਾਉਂਦੀ ਹੋਵੇ, ਤੁਸੀਂ ਕੇਵਲ ਮੂਰਖ ਹੀ ਲੱਗ ਸਕਦੇ ਹੋ।” ਇਹ, ਲਗਭਗ ਓਹੋ ਜਿਹਾ ਹੀ ਭਾਸ਼ਣ ਹੈ ਜਿਹੜਾ ਤੁਹਾਡੇ ਦਿਮਾਗ਼ ਦਾ ਇੱਕ ਹਿੱਸਾ ਤੁਹਾਡੇ ਬਾਕੀ ਦੇ ਹਿੱਸੇ ਨੂੰ ਦਿੰਦਾ ਰਹਿੰਦੈ। ਹੁਣ ਤਾਂ ਇਹ ਬੋਰਿੰਗ ਲੱਗਣਾ ਵੀ ਸ਼ੁਰੂ ਹੋ ਗਿਐ। ਅਤੇ ਇਹ ਗ਼ਲਤ ਹੈ। ਬ੍ਰਹਿਮੰਡੀ ਵਾਤਾਵਰਣ ਸੱਚਮੁੱਚ ਬਦਲ ਰਿਹੈ। ਜਿਹੜੀਆਂ ਤਬਦੀਲੀਆਂ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਰਹੀਆਂ ਹਨ, ਤੁਹਾਨੂੰ ਉਨ੍ਹਾਂ ਬਾਰੇ ਉਤੇਜਿਤ ਹੋਣ ਦਾ ਹਰ ਹੱਕ ਹੈ। ਕਿਸੇ ਵੀ ਸ਼ੈਅ ਨੂੰ ਉਂਝ ਹੀ ਰਹਿਣ ਦੀ ਕੋਈ ਲੋੜ ਨਹੀਂ ਜਿਵੇਂ ਉਹ ਕਦੇ ਸੀ – ਹਾਂ ਜੇਕਰ ਤੁਸੀਂ ਸੱਚਮੁੱਚ ਹੀ ਅਜਿਹਾ ਚਾਹੁੰਦੇ ਹੋ ਤਾਂ ਫ਼ਿਰ ਗੱਲ ਹੋਰ ਹੈ।