ਜਲੰਧਰ — ਪੰਜਾਬ ‘ਚ ਚੱਲ ਰਹੀ ਧੜੇਬਾਜ਼ੀ ‘ਤੇ ਲਗਾਮ ਕੱਸਣ ਲਈ ਅਤੇ ਪੰਜਾਬ ‘ਚ ਆਪਣਾ ਆਧਾਰ ਵਧਾਉਣ ਦੇ ਉਦੇਸ਼ ਨਾਲ ਨਵਾਂ ਪ੍ਰਯੋਗ ਕਰਦਿਆਂ 2010 ‘ਚ ਭਾਜਪਾ ਦੇ ਸੂਬਾ ਪ੍ਰਧਾਨ ਰਹੇ ਅਸ਼ਵਨੀ ਸ਼ਰਮਾ ਨੂੰ ਦੋਬਾਰਾ ਕਮਾਨ ਦੇਣ ਦਾ ਫੈਸਲਾ ਲਿਆ ਗਿਆ ਹੈ। ਜਿਸ ਦਾ ਰਸਮੀ ਐਲਾਨ 17 ਜਨਵਰੀ ਨੂੰ ਜਲੰਧਰ ‘ਚ ਕੀਤਾ ਜਾਵੇਗਾ। ਅੱਜ ਸਰਕਿਟ ‘ਚ ਹਾਊਸ ‘ਚ ਅਸ਼ਵਨੀ ਸ਼ਰਮਾ ਨੇ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਇਸ ਸਿਲਸਿਲੇ ‘ਚ ਅੱਜ ਭਾਜਪਾ ਦੇ ਰਾਸ਼ਟਰੀ ਸਕੱਤਰ ਮਹੇਸ਼ ਗਿਰੀ ਦਿੱਲੀ ਤੋਂ ਜਲੰਧਰ ਪਹੁੰਚੇ ਸਨ।
17 ਜਨਵਰੀ ਨੂੰ ਨਵੇਂ ਬਣਾਏ ਪ੍ਰਧਾਨ ਦੀ ਤਾਜਪੋਸ਼ੀ ਸਥਾਨਕ ਦੇਸ਼ਭਗਤ ਯਾਦਗਾਰ ਹਾਲ ਜਲੰਧਰ ‘ਚ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਵਿਨੇ ਸਹਸਤਰਬੁੱਧੇ ਵੱਲੋਂ ਕਰਵਾਈ ਜਾਵੇਗੀ। ਭਰੋਸੇਯੋਗ ਸੂਤਰਾਂ ਅਨੁਸਾਰ ਸੂਬਾ ਪ੍ਰਧਾਨ ਦੀ ਦੌੜ ਵਿਚ ਸ਼ਾਮਲ ਹੋਰ ਆਗੂਆਂ ਨੂੰ ਨਾਮਜ਼ਦਗੀ ਨਾ ਭਰਨ ਦੇ ਰਸਮੀ ਮੈਸੇਜ ਵੀ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਮਾਸਟਰ ਮੋਹਨ ਲਾਲ, ਤੀਕਸ਼ਨ ਸੂਦ, ਇਕਬਾਲ ਸਿੰਘ ਧਰਮਪਾਲ ਲਾਲਪੁਰਾ, ਦਿਲਬਾਗ ਰਾਏ, ਮੋਹਨ ਲਾਲ ਗਰਗ ਸਮੇਤ 13 ਭਾਜਪਾ ਨੇਤਾਵਾਂ ਨੇ ਰਾਸ਼ਟਰੀ ਕਾਰਕਾਰਨੀ ਲਈ ਨਾਮਜ਼ਦਗੀਆਂ ਭਰੀਆਂ। ਇਸ ਮੌਕੇ ਚੋਣ ਇੰਚਾਰਜ ਅਨਿਲ ਸਰੀਨ ਅਤੇ ਚੋਣ ਆਬਜ਼ਰਵਰ ਮਹੇਸ਼ ਗਿਰੀ ਨੇ ਦੱਸਿਆ ਕਿ ਸ਼ਾਮ ਨੂੰ ਨਾਮਜ਼ਦਗੀ ਦੀ ਜਾਂਚ ਕੀਤੀ ਜਾਵੇਗੀ ਅਤੇ ਕੱਲ੍ਹ ਸ਼ਾਮ ਭਗਤ ਯਾਦਗਾਰ ਹਾਲ ‘ਚ ਪੰਜਾਬ ਪ੍ਰਧਾਨ ਅਤੇ ਰਾਸ਼ਟਰੀ ਕਾਰਕਾਰਨੀ ਦੇ ਮੈਂਬਰਾਂ ਦਾ ਐਲਾਨ ਕੀਤਾ ਜਾਵੇਗਾ।