ਵੈਲਿੰਗਟਨ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ‘ਤੇ ਇੱਕ ਟੈੱਸਟ ਮੈਚ ਦੌਰਾਨ ਨਸਲੀ ਟਿੱਪਣੀ ਕਰਨ ਵਾਲੇ ਦਰਸ਼ਕ ‘ਤੇ ਨਿਊ ਜ਼ੀਲੈਂਡ ਵਿੱਚ ਘਰੇਲੂ ਅਤੇ ਕੌਮਾਂਤਰੀ ਮੈਚਾਂ ਨੂੰ ਮੈਦਾਨ ਵਿੱਚ ਦੇਖਣ ਆਉਣ ‘ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਆਰਚਰ ‘ਤੇ ਇੰਗਲੈਂਡ ਅਤੇ ਨਿਊ ਜ਼ੀਲੈਂਡ ਵਿਚਾਲੇ ਨਵੰਬਰ ਵਿੱਚ ਖੇਡੇ ਗਏ ਇੱਕ ਟੈੱਸਟ ਦੇ ਆਖ਼ਰੀ ਦਿਨ ਨਸਲੀ ਟਿੱਪਣੀ ਕੀਤੀ ਗਈ ਸੀ। ਪੁਲੀਸ ਨੇ ਔਕਲੈਂਡ ਦੇ ਰਹਿਣ ਵਾਲੇ ਉਸ 28 ਸਾਲਾ ਵਿਅਕਤੀ ਨੂੰ ਫ਼ੜ ਲਿਆ ਹੈ ਜਿਸ ਨੇ ਇਹ ਟਿੱਪਣੀ ਕੀਤੀ ਸੀ। ਉਸ ਨੂੰ ਜ਼ੁਬਾਨੀ ਚਿਤਾਵਨੀ ਵੀ ਦੇ ਦਿੱਤੀ ਗਈ ਹੈ।
ਨਿਊ ਜ਼ੀਲੈਂਡ ਕ੍ਰਿਕਟ ਦੇ ਬੁਲਾਰੇ ਐਨਥਨੀ ਕ੍ਰਮੀ ਨੇ ਕਿਹਾ, ”ਉਹ ਵਿਅਕਤੀ 2022 ਤਕ ਨਿਊ ਜ਼ੀਲੈਂਡ ਵਿੱਚ ਹੋਣ ਵਾਲੇ ਕਿਸੇ ਵੀ ਕੌਮਾਂਤਰੀ ਜਾਂ ਘਰੇਲੂ ਮੈਚ ਨੂੰ ਮੈਦਾਨ ਵਿੱਚ ਆ ਕੇ ਨਹੀਂ ਦੇਖ ਸਕੇਗਾ। ਇਸ ਦੀ ਉਲੰਘਣਾ ਕਰਨ ‘ਤੇ ਉਸ ਨੂੰ ਪੁਲੀਸ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਜੋਫ਼ਰਾ ਆਰਚਰ ਅਤੇ ਇੰਗਲੈਂਡ ਟੀਮ ਮੈਨੇਜਮੈਂਟ ਤੋਂ ਉਸ ਘਟਨਾ ਲਈ ਫ਼ਿਰ ਮੁਆਫ਼ੀ ਮੰਗਦੇ ਹਾਂ। ਇਸ ਤਰ੍ਹਾਂ ਦਾ ਰਵੱਈਆ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।”