ਤੁਸੀਂ ਖ਼ੁਸ਼ਕਿਸਮਤ ਹੋ ਜਾਂ ਬਦਕਿਸਮਤ? ਇਸ ਸਵਾਲ ਦਾ ਜਵਾਬ ਦੇਣਾ ਸੌਖਾ ਨਹੀਂ। ਜੇਕਰ ਚੀਜ਼ਾਂ ਕਦੇ ਗ਼ਲਤ ਹੀ ਨਾ ਹੋਣ ਤਾਂ ਤੁਹਾਨੂੰ ਉਨ੍ਹਾਂ ਨੂੰ ਠੀਕ ਹੁੰਦਿਆਂ ਦੇਖਣ ਦੀ ਸੰਤੁਸ਼ਟੀ ਕਿਵੇਂ ਪ੍ਰਾਪਤ ਹੋ ਸਕਦੀ ਹੈ? ਜੇਕਰ ਤੁਹਾਡੀ ਚੰਗੀ ਕਿਸਮਤ ਤੁਹਾਨੂੰ ਕਿਸੇ ਮਸਲੇ ਨੂੰ ਹੱਲ ਕਰਨ ਵਿੱਚ ਮਦਦ ਕਰਦੀ ਹੈ ਤਾਂ ਕੀ ਇਸ ਦਾ ਮਤਲਬ ਇਹ ਨਾ ਹੋਇਆ ਕਿ ਉਸ ਮਸਲੇ ਦਾ ਮੌਜੂਦ ਹੋਣਾ ਤੁਹਾਡੇ ਲਈ ਅਸਲ ਵਿੱਚ ਸੁਭਾਗ ਵਾਲੀ ਗੱਲ ਸੀ? ਇੱਕ ਆਨੰਦਮਈ ਪ੍ਰਗਤੀ ਤੁਹਾਨੂੰ ਕਿਸੇ ਹਾਲੀਆ ਜੱਦੋਜਹਿਦ ਦੀ ਕਹਾਣੀ ਦੇ ਅਰਥਾਂ ਨੂੰ ਮੁੜ ਵਿਚਾਰਣ ਲਈ ਮਜਬੂਰ ਕਰੇਗੀ। ਆਪਣੇ ਜੀਵਨ ਦੇ ਇੱਕ ਮਹੱਤਵਪੂਰਨ ਖੇਤਰ ਵਿੱਚ ਤੁਸੀਂ ਇੱਕ ਨਾਟਕੀ ਅਤੇ ਸਥਾਈ ਤਬਦੀਲੀ ਦੇਖਣ ਵਾਲੇ ਹੋ। ਖ਼ੁਸ਼ਕਿਸਮਤੀ ਨਾਲ, ਇਸ ਨੂੰ ਲਿਆਉਣ ਲਈ ਤੁਹਾਨੂੰ ਕਿਸੇ ਕਿਸਮ ਦੀ ਜੱਦੋਜਹਿਦ ਵੀ ਨਹੀਂ ਕਰਨੀ ਪੈਣੀ।

ਇਹ ਸੰਸਾਰ ਅਜਿਹੇ ਵਿਅਕਤੀਆਂ ਨਾਲ ਭਰਿਆ ਪਿਐ ਜਿਨ੍ਹਾਂ ਨੂੰ ਸਾਡੇ ਤੋਂ ਵੱਧ ਪਤੈ। ਉਹ ਸਾਡੇ ਤੋਂ ਵੱਧ ਸਿਆਣੇ, ਹੁਸ਼ਿਆਰ, ਵਧੇਰੇ ਤਜਰਬੇਕਾਰ ਹਨ। ਜੇਕਰ ਅਸੀਂ ਅਜਿਹੇ ਲੋਕਾਂ ਦੀ ਗੱਲ ਸੁਣੀ ਹੁੰਦੀ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਕਦਮ ਗ਼ਲਤ ਨਹੀਂ ਸੀ ਚੁਕਣਾ। ਚੰਗੀ ਸਿਹਤ ਦਾ ਆਨੰਦ ਮਾਣਨ ਅਤੇ ਨੇਕੀ ਭਰਪੂਰ ਜ਼ਿੰਦਗੀ ਦੀ ਤਾਂ ਗੱਲ ਹੀ ਛੱਡੋ, ਸਫ਼ਲਤਾ ਤੁਹਾਡੇ ਜੀਵਨ ਦਾ ਇਕਲੌਤਾ ਤਜਰਬਾ ਹੋਣੀ ਸੀ। ਪਰ ਉਨ੍ਹਾਂ ਮਹਾਨ ਗੁਰੂਆਂ ਨੂੰ ਲੱਭਿਆ ਕਿੱਥੋਂ ਜਾਵੇ? ਉਹ ਤਾਂ ਹਰ ਜਗ੍ਹਾ ਮੌਜੂਦ ਹਨ, ਅਜਿਹੀਆਂ ਸਲਾਹਾਂ ਦਿੰਦੇ ਜਿਹੜੀਆਂ ਸਾਨੂੰ ਨਹੀਂ ਚਾਹੀਦੀਆਂ ਖ਼ਾਸ ਤੌਰ ‘ਤੇ ਜਦੋਂ ਉਹ ਸਾਨੂੰ ਸੱਚਮੁੱਚ ਨਹੀਂ ਚਾਹੀਦੀਆਂ ਹੁੰਦੀਆਂ। ਅਤੇ ਜਦੋਂ ਸਾਨੂੰ ਉਹ ਚਾਹੀਦੀਆਂ ਹੋਣ? ਉਹ ਸਾਰੇ ਸਿਆਣੇ ਸ਼ੂ ਮੰਤਰ ਹੋ ਜਾਂਦੇ ਨੇ … ਅਲੋਪ। ਖ਼ੁਸ਼ਕਿਸਮਤੀ ਨਾਲ, ਤੁਹਾਡੀ ਆਪਣੀ ਸਲਾਹ ਹੀ ਉਹ ਬਿਹਤਰੀਨ ਮਸ਼ਵਰਾ ਹੈ ਜਿਹੜਾ ਤੁਸੀਂ ਕਦੇ ਵੀ ਹਾਸਿਲ ਕਰ ਸਕਦੇ ਹੋ। ਖ਼ੁਦ ਦੀ ਚਲਾਕੀ ਨੂੰ ਤੁੱਛ ਨਾ ਸਮਝੋ!

ਤੁਸੀਂ ਜਿੱਤ ਨਹੀਂ ਸਕਦੇ। ਜੋ ਕੁੱਝ ਵੀ ਤੁਸੀਂ ਅੱਗੋਂ ਕਰੋਗੇ, ਉਸ ਦੇ ਨਤੀਜੇ ਨਿਕਲਣਗੇ, ਪ੍ਰਤੀਕਿਰਿਆ ਹੋਵੇਗੀ ਅਤੇ ਪ੍ਰਭਾਵ ਪਵੇਗਾ। ਤੁਸੀਂ ਹਾਰ ਨਹੀਂ ਸਕਦੇ। ਜੇਕਰ ਤੁਹਾਨੂੰ ਅਜਿਹਾ ਵੀ ਮਹਿਸੂਸ ਹੋਵੇ ਕਿ ਤੁਸੀਂ ਵੱਡੀਆਂ ਗ਼ਲਤੀਆਂ ਕਰ ਰਹੇ ਹੋ, ਚੀਜ਼ਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਹੀ ਸਹੀ ਬੈਠ ਜਾਣਗੀਆਂ। ਸੁਵਿਧਾਜਨਕ ਸਹਿਯੋਗੀ ਮਦਦ ਲਈ ਬਹੁੜਨਗੇ ਅਤੇ ਅਚਾਨਕ ਲਾਹੇਵੰਦ ਹਾਲਾਤ ਪੈਦਾ ਹੋ ਜਾਣਗੇ। ਕਿਸੇ ਵੀ ਪ੍ਰਕਿਰਿਆ ਦੇ ਉਹੋ ਜਿਹੇ ਨਤੀਜੇ ਨਹੀਂ ਨਿਕਲਣੇ ਜਿਹੋ ਜਿਹੀ ਤੁਸੀਂ ਤਵੱਕੋ ਕਰ ਰਹੇ ਹੋ। ਮਸਲੇ ਅਚਣਚੇਤ ਹੀ ਵਿਲੱਖਣ ਅਤੇ ਅਨੁਕੂਲ ਸਥਿਤੀਆਂ ਵਿੱਚ ਤਬਦੀਲ ਹੋ ਜਾਣਗੇ ਜਦੋਂ ਕਿ ਪ੍ਰਤੱਖ ਸਫ਼ਲਤਾਵਾਂ ਵਿੱਚ ਕਮੀਆਂ ਦਿਖਣ ਲੱਗਣਗੀਆਂ। ਪਰ ਇਸ ਸਭ ਦੇ ਅੰਤ ਵਿੱਚ ਤੁਸੀਂ ਕਿੱਥੇ ਹੋਵੋਗੇ? ਹਰ ਪੱਖੋਂ ਬਿਹਤਰ ਸਥਿਤੀ ਵਿੱਚ – ਭਾਵਨਾਤਮਕ, ਮਨੋਵਿਗਿਆਨਕ, ਪਦਾਰਥਕ ਅਤੇ, ਇੱਥੋਂ ਤਕ ਕਿ, ਰੂਹਾਨੀਅਤ ਪੱਖੋਂ ਵੀ।

ਸਾਨੂੰ ਉਮਰ ਭਰ ਦਿਆਲੂ ਬਣਨ ਲਈ ਉਤਸਾਹਿਤ ਕੀਤਾ ਜਾਂਦਾ ਹੈ। ਸਾਨੂੰ ਸਮਝੌਤੇ ਦਾ ਮਹੱਤਵ ਸਮਝਾਇਆ ਜਾਂਦਾ ਹੈ। ਪਰ, ਅਕਸਰ, ਲੋਕ ਸਾਨੂੰ ਸਖੀ ਬਣਨ ਦੇ ਘਾਟਿਆਂ ਬਾਰੇ ਦੱਸਣਾ ਭੁੱਲ ਜਾਂਦੇ ਹਨ: ਸਾਡਾ ਫ਼ਾਇਦਾ ਉਠਾਏ ਜਾਣ ਦੀ ਅਸੁਵਿਧਾ ਜਾਂ ਝੂਠੇ ਉਤਸਾਹ ਦਾ ਢੋਂਗ ਕਰਨ ਤੋਂ ਬਾਅਦ ਹੋਣ ਵਾਲੀ ਨਿਰਾਸ਼ਾ। ਤੁਸੀਂ ਇਸ ਵਕਤ ਆਪਣੀ ਔਕਾਤ ਤੋਂ ਵੱਧ ਕਰ ਰਹੇ ਹੋ। ਛੇਤੀ ਹੀ, ਅਜਿਹਾ ਪਲ ਵੀ ਆ ਸਕਦਾ ਹੈ ਜਦੋਂ ਤੁਹਾਨੂੰ ਆਪਣੇ ਕੀਤੇ ‘ਤੇ ਪਛਤਾਵਾ ਹੋਣ ਲੱਗੇ। ਫ਼ਿਰ ਅਜਿਹਾ ਸਮਾਂ ਵੀ ਆ ਸਕਦੈ ਜਦੋਂ ਤੁਹਾਨੂੰ ਆਪਣੇ ਕੀਤੇ ‘ਤੇ ਮਾਣ ਹੋਣ ਲੱਗੇ। ਫ਼ਰਾਖ਼ਦਿਲ ਬਣੇ ਰਹੋ। ਹਫ਼ੜਾ ਦਫ਼ੜੀ ਦੀ ਇਹ ਹਾਲੀਆ ਛੱਲ ਤੁਹਾਡੀ ਜ਼ਿੰਦਗੀ ਦੀ ਤਟਰੇਖਾ ‘ਤੇ ਕੋਈ ਕੀਮਤੀ ਸ਼ੈਅ ਵਹਾ ਕੇ ਵੀ ਲਿਆ ਸਕਦੀ ਹੈ।

ਤੁਹਾਨੂੰ ਇਸ ਵਕਤ ਇੰਝ ਲੱਗ ਰਿਹਾ ਹੋ ਸਕਦੈ ਜਿਵੇਂ ਕਿਸੇ ਮਹੱਤਵਪੂਰਨ ਯੋਜਨਾ ਜਾਂ ਪ੍ਰੌਜੈਕਟ ਵਿੱਚੋਂ ਸਾਰੀ ਊਰਜਾ ਹੀ ਕੱਢ ਲਈ ਗਈ ਹੋਵੇ। ਕਿਸੇ ਸਥਿਤੀ, ਪ੍ਰਬੰਧ ਜਾਂ ਵਿਅਕਤੀ ਬਾਰੇ ਤੁਹਾਡਾ ਉਤਸਾਹ ਹੁਣ ਉਸ ਤਰ੍ਹਾਂ ਦਾ ਨਹੀਂ ਰਿਹਾ ਜਿਸ ਤਰ੍ਹਾਂ ਦਾ ਕਦੇ ਹੋਇਆ ਕਰਦਾ ਸੀ। ਤੁਹਾਨੂੰ ਇੰਝ ਵੀ ਮਹਿਸੂਸ ਹੋ ਰਿਹਾ ਹੋ ਸਕਦੈ ਜਿਵੇਂ ਤੁਸੀਂ ਕਿਸੇ ਅੰਜਾਮ ਤਕ ਪਹੁੰਚਣ ਵਾਲੇ ਹੋ, ਪਰ ਅਸਲ ਵਿੱਚ ਇਹ ਕੇਵਲ ਇੱਕ ਨਵੀਂ ਸ਼ੁਰੂਆਤ ਹੈ। ਤੁਸੀਂ ਯਾਤਰਾ ਕਰਦੇ ਹੋਏ ਥੱਕ ਚੁੱਕੇ ਹੋ, ਪਰ ਤੁਹਾਡੇ ਅੰਦਰ ਮੰਜ਼ਿਲ ‘ਤੇ ਪਹੁੰਚਣ ਦੀ ਤਾਂਘ ਹਾਲੇ ਵੀ ਅੰਗੜਾਈਆਂ ਲੈ ਰਹੀ ਹੈ। ਸੋ ਹੁਣ, ਉਸੇ ਪੁਰਾਣੇ, ਬੋਰਿੰਗ ਅਤੇ ਥਕਾ ਦੇਣ ਵਾਲੇ ਰੂਟ ਨਾਲ ਮੱਥਾ ਮਾਰੀ ਜਾਣ ਦੀ ਬਜਾਏ ਤੁਸੀਂ ਅੱਗੇ ਵਧਣ ਦੇ ਨਵੇਂ ਰਸਤਿਆਂ ਦੀ ਭਾਲ ਕਰ ਰਹੇ ਹੋ। ਇਨ੍ਹਾਂ ਵਿੱਚੋਂ ਇੱਕ ਆਪਣੇ ਆਪ ਨੂੰ ਉਜਾਗਰ ਵੀ ਕਰਨ ਵਾਲਾ ਹੈ। ਛੇਤੀ ਹੀ ਤੁਸੀਂ ਵਧੇਰੇ ਕੁਸ਼ਲ ਅਤੇ ਫ਼ਲਦਾਇਕ ਯੋਜਨਾ ਤਿਆਰ ਕਰ ਲਵੋਗੇ।