ਨਵੀਂ ਦਿੱਲੀ – ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਮੈਦਾਨ ‘ਤੇ ਚੌਕਿਆਂ-ਛੱਕਿਆਂ ਲਈ ਪ੍ਰਸਿੱਧ ਸਨ ਅਤੇ ਹੁਣ ਔਫ਼ ਫ਼ੀਲਡ ਉਹ ਗੱਲਾਂ ਦੇ ਵੀ ਚੌਕੇ ਲਗਾਉਂਦੇ ਰਹਿੰਦੇ ਹਨ। ਬੀਤੇ ਦਿਨੀਂ ਸਹਿਵਾਗ ਇੱਕ ਐਵਾਰਡ ਸਮਾਰੋਹ ‘ਚ ਪਹੁੰਚੇ ਸਨ। ਉੱਥੇ ਉਸ ਨੇ ICC ਵੱਲੋਂ ਟੈੱਸਟ ਕ੍ਰਿਕਟ ਨੂੰ ਚਾਰ ਦਿਨ ਦਾ ਕਰਨ ਦੀ ਨਿੰਦਾ ਕੀਤੀ। ਸਹਿਵਾਗ ਨੇ ਇਸ ਦੌਰਾਨ ਸਾਬਕਾ ਭਾਰਤੀ ਕਪਤਾਨ ਪਟੌਦੀ ਦੀ ਬੌਲੀਵੁਡ ਅਭਿਨੇਤਰੀ ਪਤਨੀ ਸ਼ਰਮਿਲਾ ਟੈਗੋਰ ਨੂੰ ਦੇਖ ਕੇ ਇੱਕ ਗਾਣਾ ਵੀ ਗਾਇਆ। ਨਾਲ ਹੀ ਟੈੱਸਟ ਕ੍ਰਿਕਟ ਦੀ ਮਹੱਤਤਾ ਵੀ ਦੱਸੀ।
ਸਹਿਵਾਗ ਨੇ ਫ਼ੰਕਸ਼ਨ ਦੌਰਾਨ ਬੈਠੀ ਪਟੌਦੀ ਸਾਹਬ ਦੀ ਪਤਨੀ ਵੱਲ ਦੇਖਦੇ ਹੋਏ ਕਿਹਾ ਕਿ ਸ਼ਰਮਿਲਾ ਜੀ ਇੱਥੇ ਬੈਠੀ ਹੋਏ ਹਨ ਅਤੇ ਉਨ੍ਹਾਂ ‘ਤੇ ਫ਼ਿਲਮਾਇਆ ਗਿਆ ਇੱਕ ਪੁਰਾਣਾ ਗਾਣਾ ਹੈ ਜੋ ਟੈੱਸਟ ਕ੍ਰਿਕਟ ਦੀ ਵੀ ਸ਼ਾਇਦ ਸਾਡੇ ਤੋਂ ਮੰਗ ਹੋਵੇ, ”ਵਾਅਦਾ ਕਰੋ ਕਿ ਤੁਮ ਨਹੀਂ ਛੋੜੋਗੇ ਮੇਰਾ ਸਾਥ, ਜਹਾਂ ਤੁਮ ਹੋ ਵਹਾਂ ਮੈਂ ਭੀ ਹੂੰ …।” ਟੈੱਸਟ ਕ੍ਰਿਕਟ ਵੀ ਇਹੀ ਮੰਗ ਰਿਹਾ ਹੈ।
ਪਟੌਦੀ ਨਾਲ ਜੁੜਿਆ ਕਿੱਸਾ ਸੁਣਾਇਆ
ਇਸ ਮੌਕੇ ‘ਤੇ ਸਹਿਵਾਗ ਨੇ ਪਟੌਦੀ ਨਾਲ ਆਪਣੀਆਂ ਯਾਦਾਂ ਅਤੇ ਮੁਲਾਕਾਤਾਂ ਬਾਰੇ ਗੱਲਾਂਬਾਤਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾ ਨੇ ਕਿਹਾ, ”ਮੇਰਾ ਉਨ੍ਹਾਂ ਨਾਲ ਕਰੀਬੀ ਰਿਸ਼ਤਾ ਹੈ। ਮੈਂ ਉਨ੍ਹਾਂ ਨੂੰ ਪਹਿਲੀ ਵਾਰ 2005-06 ‘ਚ ਮਿਲਿਆ ਸੀ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਮੈਨੂੰ ਖੇਡਦਿਆ ਹੋਇਆ ਦੇਖਿਆ ਹੈ, ਮੈਂ ਆਪਣੇ ਖੇਡ ‘ਚ ਕਿਸ ਤਰ੍ਹਾਂ ਸੁਧਾਰ ਕਰ ਸਕਦਾ ਹਾਂ। ਉਨ੍ਹਾਂ ਨੇ ਮੈਨੂੰ ਸਿਰਫ਼ ਇੱਕ ਗੱਲ ਕਹੀ ਕਿ ਜਦੋਂ ਤੁਸੀਂ ਬੱਲੇਬਾਜ਼ੀ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਗੇਂਦ ਤੋਂ ਦੂਰ ਹੁੰਦੇ ਹੋ। ਜੇਕਰ ਤੁਸੀਂ ਨੇੜੇ ਰਹੋਗੇ ਤਾਂ ਤੁਸੀਂ ਆਊਟ ਨਹੀਂ ਹੋਵੋਗੇ।”