ਮੁੰਬਈ – ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ ਨੇ ਡੇਅ-ਨਾਈਟ ਟੈੱਸਟ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਭਵਿੱਖ ਹੈ ਅਤੇ ਭਾਰਤ ਵਿੱਚ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਿਆ ਜਾਣਾ ਚਾਹੀਦਾ ਹੈ। ਉਸ ਨੇ 5 ਰੋਜ਼ਾ ਦੇ ਟੈੱਸਟ ਮੈਚ ਵਿੱਚ ਬਦਲਾਅ ‘ਤੇ ਕਿਹਾ ਕਿ ਚਾਰ ਦਿਨਾਂ ਦੀ ਚਾਂਦਨੀ ਹੁੰਦੀ ਹੈ ਟੈੱਸਟ ਮੈਚ ਨਹੀਂ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਪ੍ਰਧਾਨ ਸੌਰਵ ਗਾਂਗੁਲੀ ਦੀ ਬੇਨਤੀ ‘ਤੇ ਭਾਰਤੀ ਟੀਮ ਪਿਛਲੇ ਸਾਲ ਈਡਨ ਗਾਰਡਨਜ਼ ਵਿੱਚ ਬੰਗਲਾਦੇਸ਼ ਨਾਲ ਆਪਣਾ ਪਹਿਲਾ ਡੇਅ-ਨਾਈਟ ਟੈੱਸਟ ਖੇਡ ਚੁੱਕੀ ਹੈ। ਵਰਿੰਦਰ ਸਹਿਵਾਗ ਨੇ ਐਤਵਾਰ ਰਾਤ BCCI ਦੇ ਐਵਾਰਡ ਸਮਾਗਮ ਦੌਰਾਨ ਸੱਤਵੇਂ ਮਨਸੂਰ ਅਲੀ ਖ਼ਾਨ ਪਟੌਦੀ ਭਾਸ਼ਣ ਦਿੰਦੇ ਸਮੇਂ ਇਹ ਗੱਲ ਕਹੀ।
ਸਹਿਵਾਗ ਨੇ ਕਿਹਾ, ”ਦਿਨ-ਰਾਤ ਟੈੱਸਟ ਮੈਚ ਅੱਗੇ ਵਧਣ ਦਾ ਰਸਤਾ ਹੈ। ਅਸੀਂ ਈਡਨ ਗਾਰਡਨਜ਼ ਵਿੱਚ ਇਹ ਦੇਖ ਚੁੱਕੇ ਹਾਂ। ਦਿਨ-ਰਾਤ ਟੈੱਸਟ ਮੈਚ ਨੂੰ ਆਯੋਜਿਤ ਕਰਾਉਣ ਲਈ ਸਾਨੂੰ ਇਸ ਦਾ ਸਹਿਰਾ ਦਾਦਾ ਸੌਰਵ ਗਾਂਗੁਲੀ ਨੂੰ ਦੇਣਾ ਚਾਹੀਦਾ ਹੈ।” ਸਾਬਕਾ ਭਾਰਤੀ ਓਪਨਰ ਨੇ ਪੰਜ ਰੋਜ਼ਾ ਟੈੱਸਟ ਮੈਚ ਨੂੰ ਚਾਰ ਰੋਜ਼ਾ ਕਰਾਉਣ ਦੇ ਪ੍ਰਸਤਾਵ ‘ਤੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਦੇ ਵਿਚਾਰਾਂ ਦਾ ਸਮਰਥਨ ਕੀਤਾ। ਵਿਰਾਟ ਅਤੇ ਰਵੀ ਪੰਜ ਰੋਜ਼ਾ ਟੈੱਸਟ ਮੈਚ ਵਿੱਚ ਕੋਈ ਛੇੜਖਾਨੀ ਨਹੀਂ ਕਰਾਉਣਾ ਚਾਹੁੰਦੇ। ਵਰਿੰਦਰ ਸਹਿਵਾਗ ਨੇ ਪੰਜ ਦਿਨ ਦੇ ਟੈੱਸਟ ਮੈਚ ਦੀ ਤੁਲਨਾ ਬੇਬੀ ਡਾਈਪਰ ਨਾ ਕਰਦਿਆਂ ਕਿਹਾ ਕਿ ਇਹ ਸਿਰਫ਼ ਓਦੋਂ ਹੀ ਬਦਲਣਾ ਚਾਹੀਦੈ ਜਦੋਂ ਉਹ ਬੇਕਾਰ ਹੋ ਜਾਵੇ। ਉਸ ਨੇ ਕਿਹਾ ਕਿ ਮੈਂ ਹਮੇਸ਼ਾ ਬਦਲਾਅ ਦਾ ਸਮਰਥਨ ਕੀਤਾ ਹੈ। ਮੈਂ ਪਹਿਲਾਂ T-20 ਮੈਚ ਵਿੱਚ ਭਾਰਤ ਦਾ ਕਪਤਾਨ ਰਹਿ ਚੁੱਕਾ ਹਾਂ ਅਤੇ ਮੈਨੂੰ ਇਸ ‘ਤੇ ਮਾਣ ਹੈ। ਮੈਂ 2007 ਵਿੱਚ T-20 ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਮੈਂਬਰ ਰਹਿ ਚੁੱਕਾ ਹਾਂ ਪਰ ਪੰਜ ਦਿਨ ਦਾ ਟੈਸਟ ਮੈਚ ਇੱਕ ਰੋਮੈਂਸ ਹੈ।