ਅਮਿਤਾਬ ਬੱਚਨ ਅਦਾਕਾਰੀ ਦੀ ਦੁਨੀਆਂ ਵਿੱਚ ਸਦੀ ਦੇ ਮਹਾਨਾਇਕ ਹੀ ਨਹੀਂ ਬਲਕਿ ਇੱਕ ਪ੍ਰੇਰਨਾ ਹਨ। ਉਹ 77 ਸਾਲ ਦੀ ਉਮਰ ਵਿੱਚ ਵੀ ਭਾਰਤੀ ਸਿਨਮਾ ਅਤੇ ਕਲਾ ਜਗਤ ਵਿੱਚ ਗਰਮਜੋਸ਼ੀ ਨਾਲ ਸਰਗਰਮ ਹਨ। ਹਰ ਕਿਰਦਾਰ ਵਿੱਚ ਫ਼ਿਟ ਹੋਣ ਦੇ ਨਾਲ ਨਾਲ ਉਹ ਹਰ ਉਮਰ ਦੇ ਦਰਸ਼ਕਾਂ ਦੇ ਪਸੰਦੀਦਾ ਅਦਾਕਾਰ ਹਨ। ਉਹ ਸੁਨਹਿਰੀ ਪਰਦੇ ਦੇ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੂੰ ਅੱਜ ਦੀਆਂ ਤਿੰਨ ਪੀੜ੍ਹੀਆਂ ਇਕੱਠਾ ਪਸੰਦ ਕਰਦੀਆਂ ਹਨ। ਫ਼ਿਲਮ ਇੰਡਸਟਰੀ ਵਿੱਚ ਸੰਘਰਸ਼ ਅਤੇ ਸਫ਼ਲਤਾ ਵਿਚਕਾਰ ਫ਼ਾਸਲਾ ਤੈਅ ਕਰਨ ਵਿੱਚ ਕਈ ਮੁਸ਼ਕਿਲਾਂ ਝੱਲਣ ਦੇ ਬਾਵਜੂਦ ਉਹ ਡਟੇ ਰਹੇ। ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਨਾ ਸਿਰਫ਼ ਹੋਰਾਂ ਲਈ ਮਿਸਾਲ ਬਣੇ ਬਲਕਿ ਇਹ ਸਾਬਿਤ ਕਰ ਕੇ ਦਿਖਾਇਆ ਕਿ ਉਹ ਫ਼ਿਲਮਾਂ ਦੇ ਹੀ ਵਿਜੇ ਨਹੀਂ ਹਨ ਸਗੋਂ ਅਸਲ ਜੀਵਨ ਵਿੱਚ ਵੀ ਕਠਿਨਾਈਆਂ ਨਾਲ ਜੂਝਣਾ ਜਾਣਦੇ ਹਨ। ਇੱਕ ਵਿਲੱਖਣ ਸ਼ਖ਼ਸੀਅਤ ਦੇ ਮਾਲਿਕ ਅਮਿਤਾਬ ਬੱਚਨ ਨੂੰ ਹਾਲ ਹੀ ਵਿੱਚ ਦਾਦਾ ਸਾਹਿਬ ਫ਼ਾਲਕੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਚਾਰ ਰਾਸ਼ਟਰੀ ਪੁਰਸਕਾਰਾਂ ਤੋਂ ਬਾਅਦ ਭਾਰਤੀ ਸਿਨਮਾ ਦੇ ਸਭ ਤੋਂ ਵੱਡੇ ਅਤੇ ਸਨਮਾਨਜਨਕ ਐਵਾਰਡ ਦਾਦਾ ਸਾਹਿਬ ਫ਼ਾਲਕੇ ਸਨਮਾਨ ਨਾਲ ਸਿਨਮਾ ਦੇ ਮਹਾਨਾਇਕ ਅਮਿਤਾਬ ਬੱਚਨ ਨੂੰ ਸਨਮਾਨਿਤ ਕਰਨਾ ਅਸਲ ਵਿੱਚ ਭਾਰਤੀ ਸਿਨਮਾ ਦੇ ਗੌਰਵ ਦਾ ਅਭਿਨੰਦਨ ਕਰਨਾ ਹੈ। 1969 ਤੋਂ ਲੈ ਕੇ ਹੁਣ ਤਕ ਉਹ ਸਾਡੇ ਸਮੇਂ ਦੇ ਸਭ ਤੋਂ ਜ਼ਿਆਦਾ ਸਰਗਰਮ, ਸ਼੍ਰੇਸ਼ਠ ਕਲਾਕਾਰ ਹਨ। ਉਨ੍ਹਾਂ ਦੀ ਸਰਗਰਮੀ ਅੱਜ ਦੇ ਸਮੇਂ ਵਿੱਚ ਹਰ ਉਸ ਸ਼ਖ਼ਸ ਨੂੰ ਦਿਖਾਈ ਦਿੰਦੀ ਹੈ ਜੋ ਬਜ਼ੁਰਗਾਂ ਤੋਂ ਜ਼ਿਆਦਾ ਨੌਜਵਾਨਾਂ ਅਤੇ ਬੱਚਿਆਂ ਦਾ ਹੈ। ਉਹ ਇੱਕ ਬਲੌਗ ਵੀ ਲਿਖਦੇ ਹਨ, ਸਮੇਂ ਸਮੇਂ ‘ਤੇ ਇੱਕ ਜ਼ਿੰਮੇਵਾਰ ਇਨਸਾਨ ਦੀ ਤਰ੍ਹਾਂ ਟਵੀਟ ਕਰਦੇ ਹਨ ਅਤੇ ਨਾਲ ਹੀ ਫ਼ੇਸਬੁੱਕ ‘ਤੇ ਵੀ ਮਿਲ ਜਾਂਦੇ ਹਨ।
ਪਿਛਲੇ ਅਨੇਕਾਂ ਸਾਲਾਂ ਤੋਂ ਉਹ ਨਿਰੰਤਰ ਆਪਣੇ ਦਰਸ਼ਕਾਂ ਨਾਲ ਸੰਪਰਕ ਵਿੱਚ ਹਨ। ਜੋ ਲੋਕ ਉਨ੍ਹਾਂ ਨੂੰ ਚਾਹੁੰਦੇ ਹਨ, ਉਨ੍ਹਾਂ ਤਕ ਪਹੁੰਚਣ ਦੇ ਅਨੇਕ ਮਾਰਗਾਂ ਤੋਂ ਹੋ ਕੇ ਅਮਿਤਾਬ ਬੱਚਨ ਉਨ੍ਹਾਂ ਤਕ ਪਹੁੰਚ ਜਾਂਦੇ ਹਨ। ਉਹ ਹਰ ਐਤਵਾਰ ਜੇਕਰ ਮੁੰਬਈ ਵਿੱਚ ਹੋਣ ਤਾਂ ਆਪਣੇ ਚਾਹੁਣ ਵਾਲੇ ਹਜ਼ਾਰਾਂ ਦਰਸ਼ਕਾਂ ਨੂੰ ਸ਼ਾਮ ਨੂੰ ਘਰ ਤੋਂ ਬਾਹਰ ਆ ਕੇ ਮਿਲਦੇ ਹਨ। ਇੱਕ ਵਚਨਬੱਧ ਅਦਾਕਾਰ ਅਤੇ ਅਣਗਿਣਤ ਅਨੁਭਵਾਂ ਵਾਲਾ ਇਹ ਕਲਾਕਾਰ ਕਿੰਨੀਆਂ ਹੀ ਉਪਲਬਧੀਆਂ ਵਿੱਚ ਸਾਨੂੰ ਨਜ਼ਰ ਆਉਂਦਾ ਹੈ।
ਅਮਿਤਾਬ ਬੱਚਨ 50 ਤੋਂ ਜ਼ਿਆਦਾ ਸਾਲਾਂ ਤੋਂ ਸਾਡੇ ਸਿਨਮਾ ਦਾ ਇੱਕ ਵੱਡਾ ਅਤੇ ਪ੍ਰਭਾਵੀ ਹਿੱਸਾ ਰਿਹਾ ਹੈ। ਉਹ ਖ਼ਵਾਜ਼ਾ ਅਹਿਮਦ ਅੱਬਾਸ ਦੀ ਸਾਤ ਹਿੰਦੋਸਤਾਨੀ ਤੋਂ ਇੱਕ ਹਿੰਦੋਸਤਾਨੀ ਦੀ ਤਰ੍ਹਾਂ ਪਰਦੇ ‘ਤੇ ਆਉਂਦੇ ਹਨ ਅਤੇ ਉਸ ਫ਼ਿਲਮ ਦੇ ਦ੍ਰਿਸ਼ਾਂ ਵਿੱਚ ਅਸੀਂ ਜਦੋਂ ਵੀ ਉਨ੍ਹਾਂ ਨੂੰ ਦੇਖਦੇ ਹਾਂ, ਤਾਂ ਅੱਜ ਵੀ ਸਾਨੂੰ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਉਹ ਇੱਕ ਅਜਿਹੀ ਆਮਦ ਦੀ ਤਰ੍ਹਾਂ ਦਿਖਦੇ ਹਨ ਜੋ ਕੇਂਦਰ ਵਿੱਚ ਜਾ ਕੇ ਆਪਣੇ ਵਿਸਥਾਰ ਦੀ ਥਾਂ ਬਣਾਉਣ ਦਾ ਇੰਤਜ਼ਾਰ ਕਰ ਰਹੀ ਹੈ।
ਜ਼ੰਜੀਰ ਅਤੇ ਦੀਵਾਰ ਇੱਕੋ ਸਮੇਂ ਦੀਆਂ ਫ਼ਿਲਮਾਂ ਹਨ ਜਿੱਥੇ ਉਨ੍ਹਾਂ ਦੇ ਪਟਕਥਾ ਲੇਖਕ ਸਲੀਮ-ਜਾਵੇਦ ਉਨ੍ਹਾਂ ਨੂੰ ਉਸ ਦੌਰ ਦਾ ਇੱਕ ਆਕਰਸ਼ਕ ਨਾਇਕ ਅਤੇ ਦਰਸ਼ਕਾਂ ਦਾ ਵੱਡਾ ਸਮੂਹ ਤਿਆਰ ਕਰਨ ਵਿੱਚ ਜੁਟੇ ਸਨ। ਇੱਕ ਵਾਰ ਸਲੀਮ ਖ਼ਾਨ ਤੋਂ ਸੁਣਿਆ ਸੀ ਕਿ ਕਿਸ ਤਰ੍ਹਾਂ ਜ਼ੰਜੀਰ ਦੇ ਨਾਇਕ ਲਈ ਉਹ ਪ੍ਰਕਾਸ਼ ਮਹਿਰਾ ਦੇ ਸਾਹਮਣੇ ਅਮਿਤਾਬ ਬੱਚਨ ਨੂੰ ਜਾਣੂ ਕਰਾਉਂਦੇ ਹਨ, ਕਿਸ ਤਰ੍ਹਾਂ ਜਯਾ ਬੱਚਨ (ਭਾਦੁੜੀ) ਨੂੰ ਉਹ ਉਨ੍ਹਾਂ ਦੇ ਮੁਕਾਬਲੇ ਨਵੇਂ ਅਤੇ ਉਨ੍ਹਾਂ ਤੋਂ ਘੱਟ ਹਰਮਨਪਿਆਰੇ ਹੀਰੋ ਨਾਲ ਕੰਮ ਕਰਨ ਲਈ ਪ੍ਰੇਰਿਤ ਅਤੇ ਸਹਿਮਤ ਕਰਦੇ ਹਨ।
ਅਮਿਤਾਬ ਕਿਸ ਤਰ੍ਹਾਂ ਦੇ ਕਲਾਕਾਰ ਹਨ ਇਸ ਬਾਰੇ ਅਨੇਕ ਵਾਰ ਜਾਣਕਾਰਾਂ ਨੇ ਲਿਖਿਆ ਹੈ। ਉਨ੍ਹਾਂ ‘ਤੇ ਕਿਤਾਬਾਂ ਲਿਖੀਆਂ ਗਈਆਂ ਹਨ। ਉਨ੍ਹਾਂ ਸਾਰਿਆਂ ਨੇ ਅਮਿਤਾਬ ਬਾਰੇ ਕੁੱਝ ਨਾ ਕੁੱਝ ਲਿਖੀਆ ਹੈ ਜੋ ਸਮੇਂ ਸਮੇਂ ‘ਤੇ ਉਨ੍ਹਾਂ ਦੇ ਨਾਲ ਰਹੇ ਹਨ ਜਾਂ ਆਸਪਾਸ ਰਹੇ ਹਨ। ਚੰਗੇ ਸਬੰਧਾਂ ਵਿੱਚ ਵੀ ਰਹੇ ਹਨ ਅਤੇ ਸਬੰਧਾਂ ਦੇ ਉਤਰਾਅ-ਚੜ੍ਹਾਅ ਵਿੱਚ ਵੀ। ਅਮਿਤਾਬ ‘ਤੇ ਸਾਕਾਰਾਤਮਕ ਅਤੇ ਨਾਕਾਰਾਤਮਕ ਲਿਖਿਆ ਗਿਆ। ਇੰਨੇ ਲੰਬੇ ਸਮੇਂ ਵਿੱਚ ਇੱਕ ਜਾਨਲੇਵਾ ਦੁਰਘਟਨਾ ਦਾ ਸ਼ਿਕਾਰ ਹੋਣ ਦੇ ਨਾਲ ਨਾਲ ਅਨੇਕਾਂ ਵਾਰ ਗੰਭੀਰ ਬਿਮਾਰੀਆਂ ਨਾਲ ਵੀ ਉਹ ਜੂਝਦੇ ਰਹੇ ਅਤੇ ਜਿੱਤਦੇ ਰਹੇ ਹਨ। ਉਹ ਪੱਤਰਕਾਰਾਂ ਨਾਲ ਗੱਲ ਨਾ ਕਰਨ ਦਾ ਫ਼ੈਸਲਾ ਲੈਣ ਵਾਲੇ ਅਤੇ ਉਸ ‘ਤੇ ਸਾਲਾਂ ਤਕ ਕਾਇਮ ਰਹਿਣ ਵਾਲੇ ਵਿਅਕਤੀ ਵੀ ਹਨ ਅਤੇ ਕੁਲੀ ਦੀ ਦੁਰਘਟਨਾ ਦੇ ਬਾਅਦ ਠੀਕ ਹੋਣ ‘ਤੇ ਪੱਤਰਕਾਰਾਂ ਨਾਲ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਫ਼ਿਰ ਜੁੜਨ ਵਾਲੇ ਵੀ ਹਨ।
ਉਥਾਨ ਅਤੇ ਪਤਨ ਦੇ ਸਮੇਂ ਨੂੰ ਇੱਕ ਮਨੁੱਖ ਦੇ ਰੂਪ ਵਿੱਚ ਜਿੰਨੀ ਗੰਭੀਰਤਾ, ਸਬਰ ਅਤੇ ਗਹਿਰਾਈ ਨਾਲ ਉਨ੍ਹਾਂ ਨੇ ਜੀਵਿਆ ਹੈ, ਉਹ ਆਪਣੇ ਆਪ ਵਿੱਚ ਮਿਸਾਲ ਹੈ। ਇੱਕ ਸਮੇਂ ਵਿੱਚ ਅਨੇਕ ਸ਼ਿਫ਼ਟਾਂ ਵਿੱਚ ਕੰਮ ਕਰਦੇ ਹੋਏ ਬਹੁਤ ਰੁੱਝੇ ਰਹਿਣ ਵਾਲੇ ਅਮਿਤਾਬ ਬੱਚਨ ਨੇ ਪੰਜਾਹ ਸਾਲ ਦੀ ਉਮਰ ਦੇ ਆਸਪਾਸ ਪੰਜ ਸਾਲ ਫ਼ਿਲਮਾਂ ਹੀ ਛੱਡ ਦਿੱਤੀਆਂ ਸਨ। ਇਸ ਦੌਰਾਨ ਉਹ ਆਪਣੇ ਬੰਦ ਹੋਏ ਰਿਆਜ਼ ਨੂੰ ਇੱਕ ਵਾਰ ਫ਼ਿਰ ਗਤੀ ਵਿੱਚ ਲਿਆਉਣ ਲਈ ਸਮਾਂ ਦੇ ਰਹੇ ਸਨ। ਸਮੇਂ ਸਮੇਂ ‘ਤੇ ਉਨ੍ਹਾਂ ਨੇ ਆਪਣੀ ਮਨੋਸਥਿਤੀ, ਅੰਦਰ ਚੱਲ ਰਹੇ ਦਵੰਦ, ਆਪਣੇ ਆਸਪਾਸ ਲੋਕਾਂ ਨਾਲ ਬਣੇ ਰਹਿਣ ਅਤੇ ਦੂਰ ਹੋ ਜਾਣ ਸਬੰਧੀ ਕਿਹਾ ਅਤੇ ਲਿਖਿਆ ਵੀ ਹੈ।
ਉਹ ਜਾਣਦੇ ਸਨ ਅਤੇ ਜਾਣਦੇ ਹਨ ਕਿ ਉਹ ਹਰ ਦੌਰ ਦੇ ਨਾਇਕ ਨਹੀਂ ਹੋ ਸਕਦੇ, ਪਰ ਇਹ ਹੁਨਰ ਉਨ੍ਹਾਂ ਨੇ ਆਪਣੀ ਸਮਰਥਾ ਅਤੇ ਕੁਸ਼ਲਤਾ ਨਾਲ ਹੀ ਸਿੱਖਿਆ ਹੋਇਆ ਹੈ ਕਿ ਕਿਵੇਂ ਹਰ ਪੀੜ੍ਹੀ ਨਾਲ ਜੁੜੇ ਰਿਹਾ ਜਾ ਸਕਦਾ ਹੈ, ਕਿਵੇਂ ਹਰ ਉਮਰ ਨਾਲ ਦੋਸਤੀ ਕੀਤੀ ਜਾ ਸਕਦੀ ਹੈ। ਇੱਕ ਗੱਲਬਾਤ ਵਿੱਚ ਉਨ੍ਹਾਂ ਦੀ ਇਹ ਗੱਲ ਬਹੁਤ ਮਾਰਮਿਕ ਲੱਗੀ ਸੀ ਜਿਸ ਵਿੱਚ ਉਹ ਦੱਸਦੇ ਹਨ ਕਿ ਕਿਸ ਤਰ੍ਹਾਂ ਇੱਕ ਦਿਨ ਦੁਪਹਿਰ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਬੈਠੇ ਹੋਏ ਸਲਿੱਪਰ ਪਹਿਨ ਕੇ ਉਹ ਪੈਦਲ ਹੀ ਯਸ਼ ਚੋਪੜਾ ਦੇ ਘਰ ਚਲੇ ਗਏ ਅਤੇ ਕਿਹਾ ਕਿ ਤੁਹਾਡੇ ਨਾਲ ਫ਼ਿਰ ਕੰਮ ਕਰਨ ਦੀ ਇੱਛਾ ਹੈ ਅਤੇ ਕਿਸ ਤਰ੍ਹਾਂ ਯਸ਼ ਚੋਪੜਾ, ਜੋ ਇਤਫ਼ਾਕ ਵਸ ਉਸ ਸਮੇਂ ਕੋਈ ਨਵੀਂ ਫ਼ਿਲਮ ਨਹੀਂ ਸਨ ਬਣਾ ਰਹੇ, ਆਪਣੇ ਬੇਟੇ ਆਦਿੱਤਿਆ ਚੋਪੜਾ ਨੂੰ ਉਨ੍ਹਾਂ ਨਾਲ ਮਿਲਾਉਂਦੇ ਹਨ ਅਤੇ ਇਸ ਤਰ੍ਹਾਂ ਮੁਹੱਬਤੇਂ ਫ਼ਿਲਮ ਦੀ ਭੂਮਿਕਾ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ।
ਮੁਹੱਬਤੇਂ ਤੋਂ ਯਾਤਰਾ ਫ਼ਿਰ ਸ਼ੁਰੂ ਹੁੰਦੀ ਹੈ। ਅਮਿਤਾਬ ਬੱਚਨ ਫ਼ਿਲਮਾਂ ਕਰਦੇ ਗਏ। ਸ਼ਾਇਦ ਉਹ ਚੰਗੀ ਤਰ੍ਹਾਂ ਜਾਣ ਗਏ ਹੋਣ ਕਿ ਇਹ ਫ਼ਿਲਮ ਪਿਛਲੇ ਅੰਤਰ ਨੂੰ ਭਰਨ ਦਾ ਇੱਕ ਸੰਯੋਗ ਹੈ, ਉਹ ਇਸ ਸੰਯੋਗ ਨਾਲ ਉਪਲਬਧੀਆਂ ਨੂੰ ਹੋਰ ਜ਼ਿਆਦਾ ਵਿਸਥਾਰ ਦੇਣ ਵਾਲੇ ਪਥ ‘ਤੇ ਚੱਲ ਪਏ। ਇਸ ਪਥ ਤੋਂ ਯਾਤਰਾ ਸ਼ੁਰੂ ਹੁੰਦੀ ਹੈ ਅਗਨੀਪਥ ਦੀ ਜਿਸ ਲਈ ਉਨ੍ਹਾਂ ਨੂੰ ਆਪਣੇ ਜੀਵਨ ਦਾ ਪਹਿਲਾ ਰਾਸ਼ਟਰੀ ਪੁਰਸਕਾਰ 1990 ਵਿੱਚ ਮਿਲਿਆ ਸੀ। ਮੁਕੁਲ ਐੱਸ. ਆਨੰਦ ਨਿਰਦੇਸ਼ਿਤ ਇਸ ਫ਼ਿਲਮ ਦੀ ਵੀ ਆਲੋਚਕਾਂ ਨੇ ਬਹੁਤ ਆਲੋਚਨਾ ਕੀਤੀ ਸੀ, ਵਿਸ਼ੇਸ਼ ਕਰ ਕੇ ਬੱਚਨ ਦੇ ਸੰਵਾਦ ਅਤੇ ਆਵਾਜ਼ ਨੂੰ ਲੈ ਕੇ ਕੀਤੇ ਗਏ ਪ੍ਰਯੋਗ ਨੂੰ ਲੈ ਕੇ, ਪਰ ਰਾਸ਼ਟਰੀ ਪੁਰਸਕਾਰ ਨੇ ਇੱਕ ਤਰ੍ਹਾਂ ਇਸ ਪਹਿਲ ਨੂੰ ਦਾਦ ਦਿੱਤੀ। ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ।
2005 ਵਿੱਚ ਉਨ੍ਹਾਂ ਨੂੰ ਦੂਜਾ ਰਾਸ਼ਟਰੀ ਪੁਰਸਕਾਰ ਦਿਵਾਉਣ ਵਾਲੀ ਫ਼ਿਲਮ ਸੀ ਬਲੈਕ ਜਿਸ ਨੂੰ ਸੰਜੇ ਲੀਲਾ ਭੰਸਾਲੀ ਨੇ ਬਣਾਇਆ ਸੀ। ਇਸ ਵਿੱਚ ਉਨ੍ਹਾਂ ਨੇ ਫ਼ਿਰ ਇੱਕ ਚੁਣੌਤੀਪੂਰਨ ਭੂਮਿਕਾ ਨੂੰ ਨਿਭਾਇਆ। 2009 ਵਿੱਚ ਪਾ ਫ਼ਿਲਮ ਵਿੱਚ ਉਨ੍ਹਾਂ ਦੇ ਚਰਿੱਤਰ ਨੂੰ ਦੇਖਣ ਵਾਲੇ ਸਭ ਹੈਰਾਨ ਰਹਿ ਗਏ ਸਨ। ਪੀਕੂ ਦੇ ਭਾਸਕਰ ਬੈਨਰਜੀ ਨੂੰ ਦੇਖਣਾ ਤਾਂ ਹੋਰ ਵੀ ਦਿਲਚਸਪ ਸੀ। ਅਮਿਤਾਬ ਪੁਰਸਕਾਰਾਂ ਅਤੇ ਐਵਾਰਡਾਂ ਨੂੰ ਉਸ ਸਾਰੇ ਜਵਾਨੀ ਦੇ ਦੌਰ ਨੂੰ ਪਾਰ ਕਰਦੇ ਹੋਏ ਇੱਥੋਂ ਤਕ ਆਏ ਹਨ। ਉਹ ਜ਼ੰਜੀਰ, ਦੀਵਾਰ, ਅਭਿਮਾਨ, ਆਨੰਦ, ਨਮਕ ਹਰਾਮ, ਸ਼ੋਅਲੇ, ਤ੍ਰਿਸ਼ੂਲ, ਕਭੀ-ਕਭੀ, ਸਿਲਸਿਲਾ, ਕਸਮੇਂ ਵਾਅਦੇ, ਬਰਸਾਤ ਕੀ ਏਕ ਰਾਤ, ਜੁਰਮਾਨਾ, ਬੇਮਿਸਾਲ, ਮਹਾਨ, ਨਾਸਤਿਕ, ਸ਼ਾਨ, ਕਾਲੀਆ, ਆਖ਼ਿਰੀ ਰਾਸਤਾ, ਡੌਨ, ਦੋਸਤਾਨਾ ਵਰਗੀਆਂ ਕਿੰਨੀਆਂ ਹੀ ਫ਼ਿਲਮਾਂ ਲਈ ਦਿੱਤੇ ਗਏ ਮਾਨ ਸਨਮਾਨ ਅਤੇ ਪੁਰਸਕਾਰਾਂ ਲਈ ਮੰਚ ਨੂੰ ਚਾਰ ਚੰਦ ਲਗਾਉਂਦੇ ਰਹੇ ਹਨ।
ਚੌਥਾ ਰਾਸ਼ਟਰੀ ਪੁਰਸਕਾਰ ਉਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਮਿਲਿਆ ਸੀ ਅਤੇ ਹਾਲ ਹੀ ਵਿੱਚ ਉਹ ਭਾਰਤੀ ਸਿਨਮਾ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਿਬ ਫ਼ਾਲਕੇ ਐਵਾਰਡ ਨਾਲ ਸਨਮਾਨਿਤ ਹੋਏ। ਉਹ ਸਨਮਾਨਾਂ ਨੂੰ ਗ੍ਰਹਿਣ ਕਰਦੇ ਹੋਏ ਬਹੁਤ ਨਿਮਰ ਅਤੇ ਸਬਰ ਨਾਲ ਆਪਣੇ ਮਨ ਦੀ ਗੱਲ ਪ੍ਰਗਟ ਕਰਦੇ ਹਨ। ਇਹ ਸਨਮਾਨ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਹੋਰ ਜ਼ਿਆਦਾ ਜ਼ਿੰਮੇਵਾਰ ਅਤੇ ਜ਼ਿਆਦਾ ਜਵਾਬਦੇਹ ਬਣਾਉਣਗੇ, ਇਹ ਕਾਮਨਾ ਕੀਤੀ ਜਾਂਦੀ ਹੈ। ਇਸ ਮੌਕੇ ‘ਤੇ ਉਨ੍ਹਾਂ ਦਾ ਇਹ ਕਥਨ ਯਾਦ ਕਰਨਾ ਦਿਲਚਸਪ ਰਹੇਗਾ ਜੋ ਉਨ੍ਹਾਂ ਨੇ ਇਸ ਐਵਾਰਡ ਦੇ ਐਲਾਨ ਸਮੇਂ ਪੁੱਛਿਆ ਸੀ ਕਿ ਕੀ ਮੈਂ ਰਿਟਾਇਰ ਹੋ ਗਿਆ ਹਾਂ ਜੋ ਮੈਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ? ਦਰਅਸਲ, ਉਹ ਰਿਟਾਇਰਮੈਂਟ ਦੀ ਆਦਰਸ਼ ਉਮਰ ਨੂੰ ਕਦੋਂ ਦੇ ਲੰਘ ਚੁੱਕੇ ਹਨ। ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਜੋ ਕਿਹਾ ਉਹ ਸਾਡੇ ਲਈ ਜ਼ਿਆਦਾ ਆਸ਼ਾਵਾਦੀ ਹੈ ਅਤੇ ਉਹ ਇਹ ਹੈ, ”ਅਜੇ ਕੁੱਝ ਹੋਰ ਕਰਨਾ ਬਾਕੀ ਹੈ।” ਸੱਚ ਹੈ ਬੱਚਨ ਸਾਹਿਬ ਹੁਣ ਇੰਨੀਆਂ ਉਪਲਬਧੀਆਂ ਤੋਂ ਬਾਅਦ ਇੱਕ ਆਸਾਧਾਰਨ ਕੀਰਤੀਮਾਨ ਲਿਖਿਆ ਜਾਣਾ ਬਾਕੀ ਹੈ ਜੋ ਪਿਛਲੇ ਸਾਰੇ ਆਸਾਧਾਰਨਾਂ ਤੋਂ ਉੱਚ ਕੋਟੀ ਦਾ ਹੋਵੇਗਾ।