ਇਸ ਸਾਲ ਕਈ ਫ਼ਿਲਮਾਂ ਦੇ ਸੀਕੂਅਲ ਰਿਲੀਜ਼ ਹੋਣ ਦੀ ਕਤਾਰ ‘ਚ ਹਨ। ਇਨ੍ਹਾਂ ‘ਚ ਦੋਸਤਾਨਾ 2, ਸੜਕ 2, ਸ਼ੁਭ ਮੰਗਲ ਜ਼ਿਆਦਾ ਸਾਵਧਾਨ, ਭੂਲ ਭੁਲੱਈਆ 2, ਹੰਗਾਮਾ 2 ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਇਸ ਲਿਸਟ ‘ਚ ਹਿਮੇਸ਼ ਰੇਸ਼ਮੀਆ ਦੀ ਫ਼ਿਲਮ ਦਾ ਐਕਸਪੋਜ਼ੇ ਦਾ ਨਾਂ ਵੀ ਜੁੜ ਗਿਆ ਹੈ। ਸਾਲ 2014 ‘ਚ ਰਿਲੀਜ਼ ਹੋਈ ਫ਼ਿਲਮ ਦਾ ਐਕਸਪੋਜ਼ੇ ਦਾ ਨਿਰਮਾਣ ਹਿਮੇਸ਼ ਦੀ ਪ੍ਰੋਡਕਸ਼ਨ ਕੰਪਨੀ ਨੇ ਕੀਤਾ ਸੀ। ਫ਼ਿਲਮ ਦਾ ਨਿਰਦੇਸ਼ਨ ਅਨੰਤ ਮਹਾਦੇਵਨ ਨੇ ਕੀਤਾ ਸੀ। ਦਾ ਐਕਸਪੋਜ਼ੇ ਪਿਛਲੀ ਸਦੀ ਦੇ ਛੇਵੇਂ ਦਹਾਕੇ ‘ਚ ਸੈੱਟ ਸੀ। ਹਿਮੇਸ਼ ਨੇ ਫ਼ਿਲਮ ‘ਚ ਇੱਕ ਮੁਅੱਤਲ ਪੁਲੀਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਸੀ ਜਿਹੜਾ ਅੱਗੇ ਚੱਲ ਕੇ ਇੱਕ ਅਭਿਨੇਤਾ ਬਣ ਜਾਂਦਾ ਹੈ। ਇਸ ਕਿਰਦਾਰ ਦੇ ਨਾਲ ਕਹਾਣੀ ਸੀਕੂਅਲ ‘ਚ ਅੱਗੇ ਵਧੇਗੀ।
ਇਸ ਦੀ ਪੁਸ਼ਟੀ ਖ਼ੁਦ ਹਿਮੇਸ਼ ਨੇ ਕੀਤੀ। ਉਸ ਨੇ ਕਿਹਾ ਕਿ ਉਹ ਦਾ ਐਕਸਪੋਜ਼ੇ 2 ‘ਤੇ ਕੰਮ ਕਰ ਰਿਹਾ ਹੈ। ਇਹ ਫ਼ਿਲਮ ਪਿਛਲੀ ਸਦੀ ਦੇ ਸੱਤਵੇਂ ਦਹਾਕੇ ‘ਤੇ ਆਧਾਰਿਤ ਹੋਵੇਗੀ। ਉਸ ਦੌਰ ਦੇ ਪਹਿਲੇ ਸੁਪਰਸਟਾਰ ਦੀਆਂ ਕਈ ਮਹਿਲਾ ਪ੍ਰਸ਼ੰਸਕ ਹੁੰਦੀਆਂ ਹਨ। ਜਦੋਂ ਉਸ ਸੁਪਰਸਟਾਰ ਦਾ ਵਿਆਹ ਹੁੰਦਾ ਹੈ ਤਾਂ ਕਈ ਲੜਕੀਆਂ ਆਪਣੀ ਜਾਨ ਦੇ ਦਿੰਦੀਆਂ ਹਨ। ਉਨ੍ਹਾਂ ‘ਚੋਂ ਇੱਕ ਲੜਕੀ ਦਾ ਕਤਲ ਹੁੰਦਾ ਹੈ, ਪਰ ਉਸ ਦੀ ਹੱਤਿਆ ਨੂੰ ਆਤਮ-ਹੱਤਿਆ ਕਰਾਰ ਦਿੱਤਾ ਜਾਂਦਾ ਹੈ। ਹਿਮੇਸ਼ ਨੇ ਕਿਹਾ ਕਿ ਉਹ ਉਸ ਦੌਰ ਦੇ ਕਿਸੇ ਵੀ ਸੁਪਰਸਟਾਰ ਦਾ ਨਾਂ ਨਹੀਂ ਲੈ ਸਕਦਾ ਕਿ ਕਹਾਣੀ ਕਿਸ ਤੋਂ ਪ੍ਰਰੇਰਿਤ ਹੈ। ਇਹ ਇੱਕ ਕਾਲਪਨਿਕ ਕਹਾਣੀ ਹੈ ਜਿਹੜੀ ਅਸਲ ਘਟਨਾਵਾਂ ਤੋਂ ਪ੍ਰਰੇਰਿਤ ਹੋਵੇਗੀ। ਇਹ ਇੱਕ ਥ੍ਰਿਲਰ ਫ਼ਿਲਮ ਹੋਵੇਗੀ। ਰਵੀ ਕੁਮਾਰ ਤੋਂ ਇਲਾਵਾ ਫ਼ਿਲਮ ਦੇ ਬਾਕੀ ਸਾਰੇ ਕਿਰਦਾਰ ਨਵੇਂ ਹੋਣਗੇ।