ਹਿਸਾਰ—ਹਰਿਆਣਾ ਦੇ ਹਿਸਾਰ ਜ਼ਿਲੇ ‘ਚ ਆਪਣੇ ਰਿਹਾਇਸ਼ ‘ਤੇ ਰਾਜ ਸਭਾ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਵਰਕਰਾਂ ਨੂੰ ਮਿਲਣ ਪਹੁੰਚੀ। ਕੁਮਾਰੀ ਸ਼ੈਲਜਾ ਨੇ ਦੇਸ਼ ਦੀ ਜੀ.ਡੀ.ਪੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ 6 ਸਾਲਾਂ ‘ਚ ਜੀ.ਡੀ.ਪੀ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਭਾਜਪਾ ਲੋਕਾਂ ਨੂੰ ਮੁੱਦਿਆਂ ਤੋਂ ਭਟਕਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਭਾਜਪਾ ਦਾ ਸਿਰਫ ਡਰਾਮਾ ਹੈ, ਜੋ ਹਰਿਆਣਾ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕੀਤਾ ਜਾ ਰਿਹਾ ਹੈ।
ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਹਰਿਆਣਾ ‘ਚ ਸੀ.ਆਈ.ਡੀ ਨੂੰ ਲੈ ਕੇ ਅਜਿਹੀ ਖੇਡ ਚੱਲ ਰਹੀ ਹੈ ਪਰ ਹਾਈਕਮਾਂਡ ਚੁੱਪ ਹੈ। ਜੇਕਰ ਹਕੀਕਤ ‘ਚ ਅਜਿਹਾ ਕੋਈ ਵਿਵਾਦ ਹੈ ਤਾਂ ਹਾਈਕਮਾਂਡ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਮੁੱਦਿਆਂ ਤੋਂ ਨੁਕਸਾਨ ਸਿਰਫ ਜਨਤਾ ਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ‘ਚ ਅਜਿਹਾ ਵਿਵਾਦ ਚੱਲ ਰਿਹਾ ਹੈ ਤਾਂ ਪ੍ਰਸ਼ਾਸਨ ‘ਤੇ ਕੀ ਪ੍ਰਭਾਵ ਪਵੇਗਾ। ਭਾਜਪਾ ‘ਤੇ ਤੰਜ ਕੱਸਦੇ ਹੋਏ ਸ਼ੈਲਜਾ ਨੇ ਕਿਹਾ ਹੈ ਕਿ ਭਾਜਪਾ ਖੁਦ ਨੂੰ ਅਨੁਸ਼ਾਸਨਮਈ ਪਾਰਟੀ ਦੱਸਦੀ ਹੈ ਪਰ ਭਾਜਪਾ ‘ਚ ਸੀ.ਆਈ.ਡੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਸੂਬੇ ‘ਚ ਜੇ.ਜੇ.ਪੀ ਅਤੇ ਭਾਜਪਾ ਦੇ ਗਠਜੋੜ ਦੀ ਸਰਕਾਰ ਨੂੰ ਲੈ ਕੇ ਕਾਂਗਰਸ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਇਹ ਸਰਕਾਰ ਜਿਆਦਾ ਦਿਨ ਨਹੀਂ ਚੱਲੇਗੀ। ਜੇ.ਜੇ.ਪੀ ਨੇ ਜੋ ਚੋਣ ਵਾਅਦੇ ਕੀਤੇ ਸੀ, ਉਹ ਕਿਸੇ ਵੀ ਹਾਲਤ ‘ਚ ਭਾਜਪਾ ਪੂਰੇ ਨਹੀਂ ਕਰੇਗੀ। ਸ਼ੈਲਜਾ ਨੇ ਕਿਹਾ ਹੈ ਕਿ ਹਰਿਆਣਾ ‘ਚ ਜੋ ਸਥਿਤੀ ਬਣ ਰਹੀ ਹੈ, ਉਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਇਹ ਸਰਕਾਰ ਜਿਆਦਾ ਦਿਨ ਨਹੀਂ ਚੱਲੇਗੀ। ਆਉਣ ਵਾਲੇ ਦਿਨ੍ਹਾਂ ‘ਚ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਇਸ ਵਾਰ ਦਿੱਲੀ ‘ਚ ਵਧੀਆਂ ਨਤੀਜੇ ਹੋਣਗੇ।