ਜੰਮੂ— ਜੰਮੂ-ਕਸ਼ਮੀਰ ਵਿਚ ਗ੍ਰਾਮ ਪੰਚਾਇਤਾਂ ਦੇ ਪੰਚ ਅਤੇ ਸਰਪੰਚ ਦੇ ਕਰੀਬ 13,000 ਖਾਲੀ ਅਹੁਦਿਆਂ ਲਈ ਅਗਲੇ ਮਹੀਨੇ ਚੋਣਾਂ ਹੋ ਸਕਦੀਆਂ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਸੰਬੰਧ ਵਿਚ 25 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦਾ ਅਨੁਮਾਨ ਹੈ। ਜੇਕਰ ਇਹ ਚੋਣਾਂ ਹੋਈਆਂ ਤਾਂ ਜੰਮੂ-ਕਸ਼ਮੀਰ ‘ਚ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖਤਮ ਕਰਨ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡਣ ਤੋਂ ਬਾਅਦ ਉੱਥੇ ਇਹ ਪਹਿਲੀਆਂ ਚੋਣਾਂ ਹੋਣਗੀਆਂ।
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ‘ਚ ਪੰਚ ਅਤੇ ਸਰਪੰਚ ਦੇ ਕਰੀਬ 13,000 ਖਾਲੀ ਅਹੁਦਿਆਂ ਲਈ ਅਗਲੇ ਮਹੀਨੇ ਚੋਣਾਂ ਹੋ ਸਕਦੀਆਂ ਹਨ ਅਤੇ ਇਸ ਬਾਰੇ 25 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦਾ ਅਨੁਮਾਨ ਹੈ। ਚੋਣ ਦੀ ਪੂਰੀ ਪ੍ਰਕਿਰਿਆ ਫਰਵਰੀ ‘ਚ ਸੰਪੰਨ ਹੋਣ ਦਾ ਅਨੁਮਾਨ ਹੈ। ਇਹ ਅਹੁਦੇ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਖਾਲੀ ਹਨ, ਜਦੋਂ ਉੱਥੇ ਸਥਾਨਕ ਬਾਡੀਜ਼ ਚੋਣਾਂ ਹੋਈਆਂ ਸਨ। ਇੱਥੇ ਦੱਸ ਦੇਈਏ ਕਿ ਕਸ਼ਮੀਰ ‘ਚ ਪੰਚ ਅਤੇ ਸਰਪੰਚ ਲਈ 20,093 ਅਹੁਦਿਆਂ ‘ਚੋਂ ਕਰੀਬ 12,500 ਤੋਂ ਵਧੇਰੇ ਸੀਟਾਂ ਖਾਲੀ ਹਨ। ਇਸ ਤੋਂ ਪਹਿਲਾਂ 2018 ‘ਚ ਹੋਈਆਂ ਸਥਾਨਕ ਬਾਡੀਜ਼ ਚੋਣਾਂ ਦਾ ਨੈਸ਼ਨਲ ਕਾਨਫਰੰਸ ਅਤੇ ਪੀ. ਡੀ. ਪੀ. ਨੇ ਬਾਈਕਾਟ ਕੀਤਾ ਸੀ।
ਓਧਰ ਚੋਣਾਂ ਤੋਂ ਪਹਿਲਾਂ ਸ਼ਨੀਵਾਰ ਤੋਂ ਵੀਰਵਾਰ ਦਰਮਿਆਨ 36 ਕੇਂਦਰੀ ਮੰਤਰੀ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਦੱਸਿਆ ਕਿ ਇਸ ਦੌਰੇ ਦਾ ਮਕਸਦ ਧਾਰਾ-370 ਨੂੰ ਹਟਾਏ ਜਾਣ ਤੋਂ ਬਾਅਦ ਲੋਕਾਂ ਵਿਚਾਲੇ ਜਾਗਰੂਕਤਾ ਫੈਲਾਉਣਾ ਹੈ।