ਨਵੀਂ ਦਿੱਲੀ—ਟਿਕਟ ਵੰਡ ਤੋਂ ਨਿਰਾਸ਼ ਵਰਕਰਾਂ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ.ਨੱਢਾ ਦੀ ਰਿਹਾਇਸ਼ ਦੇ ਬਾਹਰ ਹੰਗਾਮਾ ਕੀਤਾ। ਭਾਜਪਾ ਦੀ ਪਹਿਲੀ ਉਮੀਦਵਾਰਾਂ ਦੀ ਲਿਸਟ ਆਉਣ ਤੋਂ ਬਾਅਦ ਹੀ ਬਗਾਵਤ ਸ਼ੁਰੂ ਹੋ ਗਈ ਹੈ। ਕੈਂਟ ਤੋਂ ਸਾਬਕਾ ਵਿਧਾਇਕ ਕਰਣ ਸਿੰਘ ਤੰਵਰ ਦੇ ਸਮਰਥਕ ਜੇ.ਪੀ.ਨੱਢਾ ਦੇ ਘਰ ਮੌਜੂਦ ਹਨ। ਕੈਂਟ ਤੋਂ ਹੁਣ ਤੱਕ ਕਿਸੇ ਵੀ ਉਮੀਦਵਾਰ ਦੇ ਨਾਂ ਬਾਰੇ ਐਲਾਨ ਨਹੀਂ ਹੋਇਆ ਹੈ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੰਵਰ ਦੀ ਥਾਂ ਕਿਸੇ ਹੋਰ ਉਮੀਦਵਾਰ ਨੂੰ ਇੱਥੇ ਟਿਕਟ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਸ਼ੁੱਕਰਵਾਰ (17 ਜਨਵਰੀ) ਨੂੰ ਹੀ ਦਿੱਲੀ ਭਾਜਪਾ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ 57 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਸੀ। ਖਾਸ ਗੱਲ ਇਹ ਹੈ ਕਿ ਭਾਜਪਾ ਨੇ ਇਸ ਵਾਰ 26 ਨੇਤਾਵਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਸੀ। ਹੁਣ ਤੱਕ 13 ਸੀਟਾਂ ‘ਤੇ ਉਮੀਦਵਾਰਾਂ ਦੇ ਨਾਂ ਬਾਰੇ ਐਲਾਨ ਬਾਕੀ ਹੈ ਪਰ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਦੇ ਅੰਦਰ ਸੀਟ ਵੰਡ ਨੂੰ ਲੈ ਕੇ ਜਿਸ ਤਰ੍ਹਾਂ ਨੇਤਾਵਾਂ ‘ਚ ਅਸਹਿਮਤੀ ਦੇਖੀ ਜਾ ਰਹੀ ਹੈ, ਇਸ ਨਾਲ ਪਾਰਟੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ 8 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 11 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ।