ਭਵਾਨੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਦੀ ਦਾਣਾ ਮੰਡੀ ਵਿਖੇ 2 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਪਾਰਟੀ ਵਰਕਰਾਂ ਦੀ ਹਲਕਾ ਪੱਧਰੀ ਮੀਟਿੰਗ ਹਲਕਾ ਇੰਚਾਰਜ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ। ਇਸ ਮੌਕੇ ਹਲਕਾ ਸੰਗਰੂਰ ਤੇ ਬਰਨਾਲਾ ਦੇ ਅਬਜ਼ਰਬਰ ਸਿਕੰਦਰ ਸਿੰਘ ਮਲੂਕਾ, ਕੋਰ ਕਮੇਟੀ ਮੈਂਬਰ ਬਲਦੇਵ ਸਿੰਘ ਮਾਨ, ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਸਮੇਤ ਜ਼ਿਲਾ ਸੰਗਰੂਰ ਦੇ ਦਿਹਾਤੀ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਮੀਟਿੰਗ ਵਿਚ ਪਹੁੰਚ ਕੇ ਵਰਕਰਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਅਕਾਲੀ ਦਲ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੇ ਪੱਖ ਵਿਚ ਕੰਮ ਕੀਤਾ ਹੈ। ਅਕਾਲੀ ਦਲ ‘ਚੋਂ ਮੁਅੱਤਲ ਕੀਤੇ ਜਾ ਚੁੱਕੇ ਢੀਂਡਸਾ ਪਿਉ-ਪੁੱਤ ‘ਤੇ ਤਿੱਖਾ ਹਮਲਾ ਕਰਦਿਆਂ ਮਲੂਕਾ ਨੇ ਆਖਿਆ ਕਿ ਜੋ ਮਾਨ ਸਤਿਕਾਰ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਨੇ ਦਿੱਤਾ ਸ਼ਾਇਦ ਹੀ ਪਾਰਟੀ ‘ਚ ਕਿਸੇ ਹੋਰ ਆਗੂ ਨੂੰ ਮਿਲਿਆ ਹੋਵੇ। ਹਾਰ ਦਾ ਮੂੰਹ ਦੇਖਣ ਤੋਂ ਬਾਅਦ ਪਾਰਟੀ ਨੇ ਸੁਖਦੇਵ ਢੀਂਡਸਾ ਨੂੰ ਰਾਜ ਸਭਾ ਵਿਚ ਭੇਜਿਆ ਤੇ ਪਰਮਿੰਦਰ ਨੂੰ ਵੀ 2 ਵਾਰ ਮੰਤਰੀ ਦੀ ਕੁਰਸੀ ਦਿੱਤੀ। ਹੋਰ ਤਾਂ ਹੋਰ ਢੀਂਡਸਿਆਂ ਦੇ ਰਿਸ਼ਤੇਦਾਰ ਵੀ ਵੱਡੇ ਅਹੁਦਿਆਂ ‘ਤੇ ਪੁੱਜੇ, ਫਿਰ ਵੀ ਢੀਂਡਸਾ ਹੋਰਾਂ ਦੀ ਨਰਾਜ਼ਗੀ ਉਨ੍ਹਾਂ ਦੀ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਆਜ਼ਾਦ ਹਨ, ਕਿੱਥੇ ਵੀ ਜਾਣ ਪਰ ਅਕਾਲੀ ਦਲ ਦੀ ਨਿੰਦਾ ਕਰਨ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਦੌਰਾਨ ਮਲੂਕਾ ਨੇ ਸੂਬੇ ਦੀ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਆਪਣੇ ਤਿੰਨ ਸਾਲਾਂ ਦੇ ਰਾਜ ਵਿਚ ਹੀ ਕੈਪਟਨ ਸਰਕਾਰ ਨੇ ਸੂਬੇ ਦੇ ਹਰੇਕ ਵਰਗ ਨੂੰ ਖੂੰਝੇ ਲਾ ਕੇ ਰੱਖ ਦਿੱਤਾ। ਸੱਤਾ ਵਿਚ ਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਵੱਡਾ ਪਾਪ ਕਮਾਇਆ ਤੇ ਸੂਬੇ ਨੂੰ ਤਰੱਕੀ ਵੱਲ ਲਿਜਾਣ ਦੀ ਬਜਾਏ ਪੰਜਾਬ ਨੂੰ ਤਬਾਹੀ ਦੇ ਕੰਢੇ ਖੜਾ ਕਰ ਦਿੱਤਾ। ਕੈਪਟਨ ਦੇ ਮੰਤਰੀ ਨੇ ਸਰਕਾਰੀ ਖਜਾਨਾ ਖਾਲੀ ਕਰ ਦਿੱਤਾ ਤੇ ਹੁਣ ਖਜ਼ਾਨਾ ਭਰਨ ਲਈ ਜਨਤਾ ਨੂੰ ਲੁਟਿੱਆ ਜਾ ਰਿਹਾ ਹੈ। ਇੱਥੋਂ ਤੱਕ ਕਿ ਸਰਕਾਰੀ ਮੁਲਾਜ਼ਮਾਂ ਤੱਕ ਨੂੰ ਟੈਕਸ ਲਾ ਦਿੱਤਾ ਗਏ ਹਨ। ਮਲੂਕਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਨੀਤੀ ਤੇ ਨੀਅਤ ਵਿਚ ਵੱਡੀ ਖੋਟ ਹੈ, ਜਿਸ ਕਰਕੇ ਸੂਬਾ ਤਰੱਕੀ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ 2 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਅਕਾਲੀ ਦਲ ਦੀ ਰੈਲੀ ਦੌਰਾਨ ਕੈਪਟਨ ਸਰਕਾਰ ਵੱਲੋਂ ਸੂਬੇ ਨਾਲ ਕੀਤੀ ਬੇਇਨਸਾਫ਼ੀ ਦੀ ਪੋਲ ਖੋਲ੍ਹੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌਂਸਲ ਭਵਾਨੀਗੜ੍ਹ, ਰਵਜਿੰਦਰ ਕਾਕੜਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਕੁਲਵੰਤ ਸਿੰਘ ਜੌਲੀਆਂ ਸਾਬਕਾ ਚੇਅਰਮੈਨ ਆਦਿ ਪਾਰਟੀ ਵਰਕਰ ਹਾਜ਼ਰ ਸਨ।