ਮੋਗਾ – ਪੰਜਾਬ ਦੀ ਅਕਾਲੀ ਸਿਆਸਤ ਅੰਦਰ ਅੱਧੀ ਸਦੀ ਤੋਂ ਵੱਧ ਸਮਾਂ ਸਰਗਰਮ ਰਹਿਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਰੁੱਧ ਚੁੱਕੇ ਬਗਾਵਤ ਦੇ ‘ਝੰਡੇ’ ਕਰ ਕੇ ਸੂਬੇ ਦੀ ਅਕਾਲੀ ਸਿਆਸਤ ਅੰਦਰ ਆਏ ਦਿਨ ਨਵੀਂ ਹਲਚਲ ਪੈਦਾ ਹੋ ਰਹੀ ਹੈ। ਢੀਂਡਸਾ ਵਲੋਂ ਅਕਾਲੀ ਦਲ ਦੇ ਨਿਰਾਸ਼ ਆਗੂਆਂ ਨੂੰ ਆਪਣੇ ਨਾਲ ਜੋੜਨ ਦੀ ਸ਼ੁਰੂ ਕੀਤੀ ਗਈ ਵਿਓਂਤਬੰਦੀ ਤਹਿਤ ਉਨ੍ਹਾਂ ਵਲੋਂ ਆਪਣੇ ਜੱਦੀ ਹਲਕੇ ਸੰਗਰੂਰ ਅਤੇ ਬਰਨਾਲਾ ’ਚ ਆਪਣੇ ਸਰਮਰਥਕ ਅਕਾਲੀ ਆਗੂਆਂ ਨਾਲ ਮੀਟਿੰਗਾਂ ਕਰਨ ਮਗਰੋਂ ਹੁਣ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਵੱਲ ਰੁਖ ਕਰ ਲਿਆ ਹੈ।
ਅਤਿ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਢੀਂਡਸਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਇਹ ਮੰਨਣਾ ਹੈ ਕਿ ਜੇਕਰ ਮਾਲਵਾ ਖਿੱਤੇ ’ਚ ਅਕਾਲੀ ਦਲ ਨੂੰ ਸਹੀ ਸੰਨ੍ਹ ਲਾਉਣੀ ਹੈ ਤਾਂ ਮੋਗਾ ਜ਼ਿਲੇ ’ਚ ਵੱਡੀ ਮਜ਼ਬੂਤੀ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਮੱਧ ਖੇਤਰ ’ਚ ਪੈਦਾ ਇਹ ਸ਼ਹਿਰ ਹਮੇਸ਼ਾ ਰਾਜਸੀ ਤੌਰ ’ਤੇ ਵੱਡੀ ਮਹੱਤਤਾ ਰੱਖਦਾ ਹੈ। ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੂਬੇ ’ਚ ਜਿੰਨੀਆਂ ਵੀ ਵੱਡੀਆਂ ਰਾਜਸੀ, ਸਮਾਜਕ ਜਾ ਚੇਤੰਨਤਾ ਵਾਲੀਆਂ ਲਹਿਰਾਂ ਚੱਲੀਆਂ ਹਨ, ਇਨ੍ਹਾਂ ’ਚੋਂ ਬਹੁਤੀਆਂ ਦੀ ਸ਼ੁਰੂਆਤ ਮੋਗਾ ਤੋਂ ਹੋਈ ਹੈ। ‘ਜਗ ਬਾਣੀ’ ਦੇ ਪੱਤਰਕਾਰਾਂ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ 19 ਜਨਵਰੀ ਨੂੰ ਮੋਗਾ ਦੇ ਇਕ ਹੋਟਲ ’ਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਪ੍ਰੈੱਸ ਮਿਲਣੀ ਦਾ ਸਮਾਗਮ ਰੱਖਿਆ ਗਿਆ ਹੈ। 25 ਜਨਵਰੀ ਨੂੰ ਮੋਗਾ ਹਲਕੇ ਅਧੀਨ ਪੈਂਦੇ ਪਿੰਡ ਡਗਰੂ ਦੇ ਗੁਰਦੁਆਰਾ ਤੰਬੂ ਮਾਲ ਸਾਹਿਬ ਵਿਖੇ ਵੀ ਇਕ ਇਕੱਠ ਰੱਖਿਆ ਗਿਆ ਹੈ ਤਾਂ ਜੋ ਮੋਗਾ ਜ਼ਿਲੇ ’ਚ ਅਕਾਲੀ ਦਲ ਅਤੇ ਖਾਸਕਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਨਿਰਾਸ਼ ਆਗੂਆਂ ਨੂੰ ਇਕ ਮੰਚ ’ਤੇ ਇਕੱਠਾ ਕੀਤਾ ਜਾ ਸਕੇ।
ਸੂਤਰ ਦੱਸਦੇ ਹਨ ਕਿ 25 ਜਨਵਰੀ ਵਾਲੇ ਦਿਨ ਮੋਗਾ ਜ਼ਿਲੇ ਤੋਂ ਕਈ ਅਕਾਲੀ ਆਗੂ ਬਾਦਲ ਦਾ ਸਾਥ ਛੱਡ ਕੇ ਢੀਂਡਸਾ ਦੀ ਅਗਵਾਈ ਥੱਲੇ ਇਕੱਠੇ ਹੋ ਸਕਦੇ ਹਨ। ਇਸ ਪ੍ਰੋਗਰਾਮ ਦੀਆਂ ਸਮੁੱਚੀਆਂ ਤਿਆਰੀਆਂ ਕਰਵਾ ਰਹੇ ਇਕ ਅਕਾਲੀ ਆਗੂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸੁਖਬੀਰ ਬਾਦਲ ਦੀ ਰਾਜਨੀਤੀ ਕਈ ਪੁਰਾਣੇ ਆਗੂਆਂ ਨੂੰ ‘ਫਿੱਟ’ ਨਹੀਂ ਬੈਠ ਰਹੀ। ਇਸੇ ਕਰ ਕੇ ਹੀ ਅਕਾਲੀ ਦਲ ’ਚੋਂ ਆਏ ਦਿਨ ਪੁਰਾਣੇ ਆਗੂ ਭੱਜ ਰਹੇ ਹਨ। ਆਉਣ ਵਾਲੇ ਸਮੇਂ ’ਚ ਅਕਾਲੀ ਦਲ ਦੀ ਰਾਜਨੀਤੀ ’ਚ ਹੋਰ ਕਈ ਧਮਾਕੇ ਹੋ ਸਕਦੇ ਹਨ। ਹੁਣ ਦੇਖਣਾ ਇਹ ਹੈ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਮੋਗਾ ਜ਼ਿਲੇ ਦੀ ਫੇਰੀ ਨੂੰ ਆਗੂਆਂ ਦਾ ਉਤਸ਼ਾਹ ਮਿਲਦਾ ਹੈ ਜਾਂ ਨਹੀਂ।