ਨਵੀਂ ਦਿੱਲੀ— ਭਾਜਪਾ ਹਾਈਕਮਾਨ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਈ ਮਾਮਲਿਆਂ ‘ਚ ਅਜੇ ਉਲਝੀ ਹੋਈ ਹੈ। ਪਾਰਟੀ ਨੇ ਅਜੇ ਤਕ ਇਹ ਫੈਸਲਾ ਨਹੀਂ ਕੀਤਾ ਕਿ ਕੀ ਇਨ੍ਹਾਂ ਚੋਣਾਂ ‘ਚ ਲੋਕ ਸਭਾ ਦੇ ਕਿਸੇ ਮੌਜੂਦਾ ਮੈਂਬਰ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਦਿੱਲੀ ਦੇ ਇਕ ਸਾਬਕਾ ਮੁੱਖ ਮੰਤਰੀ ਸਵ. ਸਾਹਿਬ ਸਿੰਘ ਵਰਮਾ ਦੇ ਬੇਟੇ ਅਤੇ ਲੋਕ ਸਭਾ ਦੇ ਇਕ ਮੈਂਬਰ ਪ੍ਰਵੇਸ਼ ਵਰਮਾ ਨੇ ਪਾਰਟੀ ਹਾਈਕਮਾਨ ਕੋਲੋਂ ਦਿੱਲੀ ਵਿਧਾਨ ਸਭਾ ਦੀ ਚੋਣ ਲੜਨ ਲਈ ਬੇਨਤੀ ਕੀਤੀ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਵੀ ਚੋਣ ਲੜਨੀ ਚਾਹੁੰਦੇ ਹਨ। ਰਾਜ ਸਭਾ ਦੇ ਇਕ ਮੈਂਬਰ ਵਿਜੇ ਗੋਇਲ ਵੀ ਵਿਧਾਇਕ ਬਣਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਦੀ ਰਾਜਸਥਾਨ ਤੋਂ ਰਾਜ ਸਭਾ ਦੀ ਮੈਂਬਰੀ ਆਉਂਦੇ ਅਪ੍ਰੈਲ ਮਹੀਨੇ ਵਿਚ ਖਤਮ ਹੋ ਰਹੀ ਹੈ। ਉਹ ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਸਰਕਾਰ ‘ਚ ਮੰਤਰੀ ਰਹਿ ਚੁੱਕੇ ਹਨ।
ਦਿੱਲੀ ਭਾਜਪਾ ਦੀ ਪ੍ਰਧਾਨਗੀ ਵੀ ਉਨ੍ਹਾਂ ਇਕ ਵਾਰ ਸੰਭਾਲੀ ਸੀ। ਉਨ੍ਹਾਂ ਨੂੰ ਮੁੜ ਤੋਂ ਰਾਜ ਸਭਾ ਦਾ ਮੈਂਬਰ ਬਣਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਉਕਤ ਸਭ ਨੇਤਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਦਿੱਲੀ ਦੇ ਸੰਭਾਵਿਤ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾਵੇ ਪਰ ਪਾਰਟੀ ਹਾਈਕਮਾਨ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਮੁੱਖ ਮੰਤਰੀ ਦਾ ਕੋਈ ਵੀ ਚਿਹਰਾ ਵਿਧਾਨ ਸਭਾ ਚੋਣਾਂ ਵਿਚ ਨਹੀਂ ਉਤਾਰਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਅਤੇ ਕੰਮ ਦੇ ਆਧਾਰ ‘ਤੇ ਹੀ ਵੋਟਾਂ ਮੰਗੀਆਂ ਜਾਣਗੀਆਂ। ਇਸ ਦੇ ਬਾਵਜੂਦ ਦਿੱਲੀ ਵਿਚ ਨਿੱਜੀ ਗੱਲਬਾਤ ਦੌਰਾਨ ਉਕਤ ਤਿੰਨਾਂ ਸ਼ਖਸੀਅਤਾਂ ਨੂੰ ਨਵੇਂ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਭਾਜਪਾ ਇਸ ਸਮੇਂ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਖੜ੍ਹਾ ਕਰਨ ਲਈ ਕਿਸੇ ਢੁੱਕਵੇਂ ਉਮੀਦਵਾਰ ਦੀ ਭਾਲ ਵਿਚ ਹੈ। ਮੀਨਾਕਸ਼ੀ ਲੇਖੀ ਜੋ ਦਿੱਲੀ ਤੋਂ ਦੂਜੀ ਵਾਰ ਲੋਕ ਸਭਾ ਦੀ ਮੈਂਬਰ ਹੈ, ਨੂੰ ਕੇਜਰੀਵਾਲ ਵਿਰੁੱਧ ਖੜ੍ਹਾ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ ਗਿਆ ਸੀ ਪਰ ਮੀਨਾਕਸ਼ੀ ਨੇ ਇਹ ਕਹਿੰਦਿਆਂ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਕਿ ਉਹ ਖੁਦ ਨੂੰ ਕੌਮੀ ਸਿਆਸਤ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਹੈ। ਪਾਰਟੀ ਅਜੇ ਇਹ ਮਹਿਸੂਸ ਕਰਦੀ ਹੈ ਕਿ ਇਕ ਔਰਤ ਹੋਣ ਦੇ ਨਾਤੇ ਮੀਨਾਕਸ਼ੀ ਲੇਖੀ ਕੇਜਰੀਵਾਲ ਵਿਰੁੱਧ ਮਜ਼ਬੂਤ ਉਮੀਦਵਾਰ ਸਾਬਿਤ ਹੋ ਸਕਦੀ ਹੈ।