ਮੁੰਬਈ—ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਅੱਜ ਭਾਵ ਐਤਵਾਰ ਨੂੰ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ 7 ਦੌੜਾਕਾਂ ਨੂੰ ਦਿਲ ਦਾ ਦੌਰਾ ਪੈਣ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਬੰਬੇ ਹਸਪਤਾਲ ਦੇ ਪੀ.ਆਰ.ਓ ਨੇ ਦੱਸਿਆ, ”ਅੱਜ ਮੈਰਾਥਨ ਦੌਰਾਨ 7 ਦੌੜਾਕਾਂ ਨੂੰ ਦਿਲ ਦਾ ਦੌਰਾ ਪੈ ਗਿਆ, ਜਿਨ੍ਹਾਂ ‘ਚੋਂ 64 ਸਾਲਾ ਗਜਾਨਨ ਮਲਜਲਕਰ ਦੀ ਮੌਤ ਹੋ ਗਈ ਜਦਕਿ 6 ਹੋਰਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਮੈਰਾਥਨ ਦੌਰਾਨ 64 ਸਾਲਾ ਗਜਾਨਨ ਮਲਜਲਕਰ ਸਿਰਫ 4 ਕਿਲੋਮੀਟਰ ਦੌੜਨ ਤੋਂ ਬਾਅਦ ਹੀ ਡਿੱਗ ਪਏ ਸੀ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਊਧਵ ਠਾਕਰੇ ਨੇ ਫਾਇਰਿੰਗ ਕਰ ਕੇ 17ਵੀਂ ਮੁੰਬਈ ਮੈਰਾਥਨ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ‘ਤੇ ਮਹਾਰਾਸ਼ਟਰ ਦੇ ਕਈ ਨੇਤਾਵਾਂ ਦੇ ਨਾਲ ਫਿਲਮ ਜਗਤ ਦੀਆਂ ਕਈ ਹਸਤੀਆਂ ਵੀ ਪਹੁੰਚੀਆਂ। ਮਾਇਆਨਗਰੀ ਮੁੰਬਈ ਦੀ ਇਸ ਡ੍ਰੀਮ ਰਨ ‘ਚ ਮੈਰਾਥਨ ਨੂੰ ਲੈ ਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ ‘ਚ ਉਤਸ਼ਾਹ ਨਜ਼ਰ ਆਇਆ।’