ਪਟਿਆਲਾ — ਪੰਜਾਬ ਦੇ ਲੋਕ 2022 ਵਿਚ ਸੂਬੇ ‘ਚੋਂ ਕਾਂਗਰਸ ਦਾ ਸਫਾਇਆ ਕਰ ਦੇਣਗੇ। ਕਾਂਗਰਸ ਖਿਲਾਫ ਪੰਜਾਬ ਭਰ ‘ਚ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਵਰਕਰਾਂ ਨਾਲ ਇਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਕੀਤਾ। ਇਥੇ ਇਕ ਸਮਾਗਮ ਦੌਰਾਨ ਰੱਖੜਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਵਿਕਾਸ ਪੱਖੋਂ ਬੁਰੀ ਤਰ੍ਹਾਂ ਨਿਘਾਰ ਦਿੱਤਾ ਹੈ। ਇਸ ਦਾ ਖਮਿਆਜ਼ਾ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਕਾਂਗਰਸ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਤੋਂ ਦੁਖੀ ਹੈ। ਲੋਕ ਛੇਤੀ ਹੀ ਕਾਂਗਰਸ ਨੂੰ ਪੰਜਾਬ ਵਿਚੋਂ ਖਤਮ ਕਰਨ ਲਈ ਉਤਾਵਲੇ ਹਨ।
ਰੱਖੜਾ ਨੇ ਆਖਿਆ ਕਿ ਕਾਂਗਰਸ ਪੰਜਾਬ ਅਤੇ ਪੰਜਾਬੀਆਂ ਦੀ ਦੁਸ਼ਮਣ ਜਮਾਤ ਹੈ ਜਿਹੜੀ ਪਹਿਲੇ ਤਿੰਨ ਸਾਲਾਂ ਵਿਚ ਸਾਰੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਲੋਕਾਂ ਨੂੰ ਸਹੂਲਤਾਂ ਦਿੱਤੀਆਂ। ਕਦੀ ਵੀ ਇਹ ਨਹੀਂ ਕਿਹਾ ਕਿ ਕਾਂਗਰਸ ਖਜ਼ਾਨਾ ਖਾਲੀ ਛੱਡ ਕੇ ਗਈ ਸੀ। ਕਾਂਗਰਸ ਪਾਰਟੀ ਨੇ ਚੋਣਾਂ ਵੇਲੇ ਲੋਕਾਂ ਨਾਲ ਅਜਿਹੇ ਲੋਕ-ਲੁਭਾਉਣੇ ਵਾਅਦੇ ਕੀਤੇ, ਜਿਨ੍ਹਾਂ ਨੂੰ ਪੂਰਾ ਕਰਨਾ ਹੁਣ ਲਈ ਮੁਸ਼ਕਲ ਲੱਗ ਰਿਹਾ ਹੈ। ਕਾਂਗਰਸ ਆਪਣੀ ਨਾਕਾਮੀਆਂ ਦਾ ਠੀਕਰਾ ਅਕਾਲੀ ਦਲ ‘ਤੇ ਠੋਸਣਾ ਚਾਹੁੰਦੀ ਹੈ ਪਰ ਪੰਜਾਬ ਦੀ ਜਨਤਾ ਨੂੰ ਜਲਦ ਅਸਲੀਅਤ ਸਮਝ ਆ ਗਈ। ਲੋਕ ਮੁੜ ਅਕਾਲੀ ਸਰਕਾਰ ਨੂੰ ਯਾਦ ਕਰਨ ਲੱਗੇ ਹਨ।
ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਕੌਂਸਲਰ ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿੱਲ, ਰਾਜਿੰਦਰ ਸਿੰਘ ਵਿਰਕ, ਕਰਮ ਸਿੰਘ ਬਠੋਈ ਸਿਆਸੀ ਸਕੱਤਰ ਸ. ਰੱਖੜਾ, ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬੱਲ, ਜੱਥੇਦਾਰ ਮਲਕੀਤ ਸਿੰਘ ਡਕਾਲਾ ਅਤੇ ਹੋਰ ਆਗੂ ਹਾਜ਼ਰ ਸਨ।