ਪਾਲਨਪੁਰ — ਪਾਕਿਸਤਾਨ ਅਤੇ ਰਾਜਸਥਾਨ ਵਲੋਂ ਗੁਜਰਾਤ ‘ਚ ਇਕ ਵਾਰ ਫਿਰ ਟਿੱਡੀ ਦਲ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਟਿੱਡੀ ਦਲ ਦਾ ਫੈਲਾਅ ਹੁਣ ਤਕ ਸਿਰਫ ਗੁਜਰਾਤ ਦੇ ਜ਼ਿਲੇ ਬਨਾਸਕਾਂਠਾ ਦੇ ਤਿੰਨ ਪਿੰਡਾਂ ‘ਚ ਹੀ ਹੋਇਆ ਹੈ। ਹਵਾ ਦੀ ਬਦਲੀ ਦਿਸ਼ਾ ਕਾਰਨ ਇਹ ਟਿੱਡੀ ਦਲ ਫਸਲ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਹੁਣ ਤੇਜ਼ੀ ਨਾਲ ਵਾਪਸ ਵੀ ਪਰਤ ਰਿਹਾ ਹੈ। ਬਨਾਸਕਾਂਠਾ ਦੇ ਜ਼ਿਲਾ ਖੇਤੀਬਾੜੀ ਅਧਿਕਾਰੀ ਪੀ. ਕੇ. ਪਟੇਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪਾਕਿਸਤਾਨ ਤੋਂ ਮੁੜ ਦਾਖਲ ਹੋਏ ਟਿੱਡੀ ਦਲ ਨੂੰ ਹੁਣ ਤਕ ਸਿਰਫ ਤਿੰਨ ਪਿੰਡਾਂ ਮਾਵਸਰੀ, ਕੁੰਡਾਰੀਆ ਅਤੇ ਰਾਧਾ ਨੇਸੜਾ ਵਿਚ ਹੀ ਦੇਖਿਆ ਗਿਆ ਹੈ। ਉੱਥੇ ਵੀ ਉਨ੍ਹਾਂ ਨੂੰ ਕੰਟਰੋਲ ਕਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਉਂਝ ਹਵਾ ਦੀ ਬਦਲੀ ਦਿਸ਼ਾ ਕਾਰਨ ਇਹ ਤੇਜ਼ੀ ਨਾਲ ਵਾਪਸ ਵੀ ਪਰਤ ਰਹੇ ਹਨ।
ਇਨ੍ਹਾਂ ਤਿੰਨੋਂ ਪਿੰਡਾਂ ਵਿਚ ਫਿਲਹਾਲ ਜੀਰਾ, ਕੈਸਟਰ ਆਇਲ ਅਤੇ ਕਾਲੀ ਸਰੋਂ ਦੀਆਂ ਫਸਲਾਂ ਦੇ ਖੇਤ ਹਨ। ਟਿੱਡੀ ਦਲ ਦੇ ਮੁੜ ਹਮਲੇ ਨਾਲ ਫਸਲਾਂ ਨੂੰ ਨੁਕਸਾਨ ਪੁੱਜਾ ਹੈ। ਪਟੇਲ ਨੇ ਕਿਹਾ ਕਿ ਟਿੱਡੀ ਦਲ ਦੇ ਕੰਟਰੋਲ ਤੋਂ ਬਾਅਦ ਨੁਕਸਾਨ ਦਾ ਸਰਵੇ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਕਿਸੇ ਹੋਰ ਜ਼ਿਲੇ ਵਿਚ ਟਿੱਡੀ ਦਲ ਇਸ ਵਾਰ ਨਹੀਂ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਦਸੰਬਰ ਤੋਂ ਲੈ ਕੇ ਉਸ ਮਹੀਨੇ ਦੇ ਅਖੀਰ ਤਕ ਟਿੱਡੀ ਦਲ ਨੇ ਬਨਾਸਕਾਂਠਾ ਅਤੇ ਪਾਟਣ ਜ਼ਿਲਿਆਂ ‘ਚ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ, ਜਿਸ ਕਾਰਨ ਸਰਕਾਰ ਨੇ ਬੀਤੇ ਸਾਲ ਜਨਵਰੀ ਨੂੰ ਦੋਹਾਂ ਜ਼ਿਲਿਆਂ ਦੇ ਲੱਗਭਗ 11,000 ਕਿਸਾਨਾਂ ਨੂੰ ਸਾਢੇ 31 ਕਰੋੜ ਰੁਪਏ ਦੀ ਆਰਥਿਕ ਮਦਦ ਵੀ ਦੇਣ ਦਾ ਐਲਾਨ ਕੀਤਾ ਗਿਆ ਸੀ।