ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਮਜ਼ਦਗੀ ਪੱਤਰ ਭਰਨ ਦੌਰਾਨ ਮੰਗਲਵਾਰ ਨੂੰ ਵੱਡੀ ਗਿਣਤੀ ‘ਚ ਪਰਚਾ ਦਾਖਲ ਕਰਨ ਆਏ ਉਮੀਦਵਾਰਾਂ ਨੇ ਹੰਗਾਮਾ ਕੀਤਾ। ਕੇਜਰੀਵਾਲ ਜਦੋਂ ਕਰੀਬ ਇਕ ਘੰਟੇ ਦੀ ਦੇਰੀ ਨਾਲ ਨਾਮਜ਼ਦਗੀ ਲਈ ਪਹੁੰਚੇ ਤਾਂ ਉਮੀਦਵਾਰਾਂ ਨੇ ਉਨ੍ਹਾਂ ਨੂੰ ਸਿੱਧੀ ਐਂਟਰੀ ਦੇਣ ਦਾ ਵਿਰੋਧ ਕੀਤਾ। ਉੱਥੇ ਇਕੱਠੀ ਵੱਡੀ ਗਿਣਤੀ ‘ਚ ਉਮੀਦਵਾਰਾਂ ਨੇ ਚੋਣ ਦਫਤਰ ਦੇ ਸਾਹਮਣੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭੀੜ ਨੂੰ ਦੇਖਦੇ ਹੋਏ ਨਾਮਜ਼ਦਗੀ ਲਈ ਟੋਕਨ ਵੰਡੇ ਗਏ ਸਨ।
ਉਨ੍ਹਾਂ ਦਾ ਦੋਸ਼ ਸੀ ਕਿ ਕੇਜਰੀਵਾਲ ਆਮ ਆਦਮੀ ਦਾ ਢੋਂਗ ਰਚਦੇ ਹਨ, ਜਦਕਿ ਕੋਈ ਵੀ. ਆਈ. ਪੀ. ਸਹੂਲਤ ਲੈਣ ਤੋਂ ਪਿੱਛੇ ਨਹੀਂ ਰਹਿੰਦੇ। ਇਨ੍ਹਾਂ ਉਮੀਦਵਾਰਾਂ ਨੇ ਕਿਹਾ ਕਿ ਉਹ ਪਹਿਲਾਂ ਤੋਂ ਲਾਈਨ ‘ਚ ਖੜ੍ਹੇ ਸਨ ਜਦਕਿ ਉਨ੍ਹਾਂ ਤੋਂ ਬਾਅਦ ਵਿਚ ਆਏ ਕੇਜਰੀਵਾਲ ਨੂੰ ਦਫਤਰ ਦੇ ਅੰਦਰ ਜਾਣ ਦਿੱਤਾ ਗਿਆ। ਚੋਣ ਲੜਨ ਵਾਲੇ ਸਾਰੇ ਲੋਕ ਬਰਾਬਰ ਹਨ ਅਤੇ ਇਹ ਚੋਣ ਜ਼ਾਬਤਾ ਦਾ ਉਲੰਘਣ ਹੈ। ਦੁਪਹਿਰ ਕਰੀਬ 12 ਵਜੇ ਕੇਜਰੀਵਾਲ ਆਪਣੇ ਮਾਤਾ-ਪਿਤਾ, ਪਤਨੀ ਸੁਨੀਤਾ ਕੇਜਰੀਵਾਲ ਅਤੇ ਪੁੱਤਰੀ ਹਰਸ਼ਿਤਾ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜੇ ਸਨ। ਵਾਰੀ ਦੀ ਉਡੀਕ ਕੀਤੇ ਬਿਨਾਂ ਨਾਮਜ਼ਦਗੀ ਲਈ ਅੰਦਰ ਦਾਖਲ ਹੋਣ ਦਾ ਵਿਰੋਧ ਕੀਤਾ ਗਿਆ। ਉਮੀਦਵਾਰਾਂ ਨੇ ਕਿਹਾ ਕਿ ਕੇਜਰੀਵਾਲ ਦਾ ਟੋਕਨ ਨੰਬਰ-45 ਹੈ ਅਤੇ ਉਹ ਆਉਂਦੇ ਹੀ ਅੰਦਰ ਚਲੇ ਗਏ। ਹੰਗਾਮਾ ਹੁੰਦੇ ਦੇਖ ਕੇ ਆਬਜ਼ਰਵਰ ਨੂੰ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਕਲ 53 ਟੋਕਨ ਦਿੱਤੇ ਜਾ ਚੁੱਕੇ ਹਨ। 3 ਵਜੇ ਤਕ ਜਿੰਨੇ ਉਮੀਦਵਾਰ ਆ ਕੇ ਟੋਕਨ ਨੰਬਰ ਲੈ ਲੈਣਗੇ, ਉਹ ਸਾਰੇ ਅੱਜ ਨਾਮਜ਼ਦਗੀ ਪੱਤਰ ਭਰ ਸਕਦੇ ਹਨ।