ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਬਾਲ ਵੀਰਾਂ ਨੂੰ ਬਹਾਦਰੀ ਲਈ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ 2020 ਨਾਲ ਨਵਾਜਿਆ। ਰਾਸ਼ਟਰਪਤੀ ਭਵਨ ‘ਚ ਆਯੋਜਿਤ ਇਕ ਪ੍ਰੋਗਰਾਮ ‘ਚ ਇਨ੍ਹਾਂ ਬੱਚਿਆਂ ਨੂੰ ਤਮਗੇ ਅਤੇ ਸਰਟੀਫਿਕੇਟ ਨਾਲ ਪੁਰਸਕਾਰ ਰਾਸ਼ੀ ਪ੍ਰਦਾਨ ਕੀਤੀ ਗਈ। ਸਨਮਾਨ ਪਾਉਣ ਵਾਲੇ 22 ਬੱਚਿਆਂ ‘ਚੋਂ 10 ਕੁੜੀਆਂ ਅਤੇ 12 ਮੁੰਡੇ ਸ਼ਾਮਲ ਹਨ। ਦਰਅਸਲ ਭਾਰਤੀ ਬਾਲ ਕਲਿਆਣ ਪਰੀਸ਼ਦ (ਆਈ. ਸੀ. ਡਬਲਿਊ.) ਨੇ ਅਸਾਧਾਰਣ ਬਹਾਦਰੀ ਲਈ ਦਿੱਤੇ ਜਾਣ ਵਾਲੇ ਇਨ੍ਹਾਂ ਪੁਰਸਕਾਰਾਂ ਲਈ ਬੱਚਿਆਂ ਦੀ ਚੋਣ ਕੀਤੀ ਗਈ। ਇਹ ਬਹਾਦਰ ਬੱਚੇ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ‘ਚ ਵੀ ਸ਼ਾਮਲ ਹੋਣਗੇ। ਪੁਰਸਕਾਰ ਜੇਤੂਆਂ ਦੇ ਨਾਵਾਂ ਨੂੰ ਮਹਿਲਾ ਬਾਲ ਕਲਿਆਣ ਮੰਤਰੀ ਮੇਨਕਾ ਸੰਜੇ ਗਾਂਧੀ ਦੀ ਪ੍ਰਧਾਨਗੀ ‘ਚ ਰਾਸ਼ਟਰੀ ਚੋਣ ਕਮੇਟੀ ਵਲੋਂ ਆਖਰੀ ਰੂਪ ਦਿੱਤਾ ਗਿਆ ਸੀ।
ਸਨਮਾਨਤ ਵੀਰ ਬੱਚਿਆਂ ‘ਚ 2 ਜੰਮੂ-ਕਸ਼ਮੀਰ ਅਤੇ ਇਕ ਕਰਨਾਟਕ ਦਾ ਬੱਚਾ ਹੈ। ਕਰਨਾਟਕ ਵਿਚ ਭਿਆਨਕ ਹੜ੍ਹ ਦੌਰਾਨ ਐਂਬੂਲੈਂਸ ਨੂੰ ਰਸਤਾ ਦੱਸਣ ‘ਤੇ ਬੱਚੇ ਵੈਂਕਟੇਸ਼ ਨੂੰ ਸਨਮਾਨਤ ਕੀਤਾ ਗਿਆ। ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ 16 ਸਾਲਾ ਸਰਤਾਜ ਮੋਹਿਦਨ ਅਤੇ 19 ਸਾਲਾ ਮੁਦਾਸਿਰ ਅਸ਼ਰਫ ਨੂੰ ਕਸ਼ਮੀਰ ਵਿਚ ਸਾਹਸੀ ਕਾਰਨਾਮੇ ਲਈ ਵੀਰਤਾ ਦੇ ਇਸ ਸਨਮਾਨ ਲਈ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਦਿੰਦੀ ਹੈ। ਇਸ ਵਿਚ ਸਮਾਜ ਸੇਵਾ, ਸਕੂਲ ਸੰਬੰਧੀ, ਕਲਾ-ਸੰਸਕ੍ਰਿਤੀ, ਖੇਡ ਅਤੇ ਬਹਾਦਰੀ ਤਹਿਤ ਬੱਚਿਆਂ ਦੀ ਚੋਣ ਕੀਤੀ ਜਾਂਦੀ ਹੈ।