ਕਾਠਮੰਡੂ— ਨੇਪਾਲ ਦੇ ਇਕ ਰਿਜ਼ਾਰਟ ਦੇ ਕਮਰੇ ‘ਚੋਂ 8 ਭਾਰਤੀਆਂ ਦੀਆਂ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵੀਰਵਾਰ ਨੂੰ ਭਾਰਤ ਲਿਆਂਦੀਆਂ ਜਾਣਗੀਆਂ। ਇਕ ਉੱਚ ਭਾਰਤੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਹੀਟਰ ਦੀ ਗੈਸ ਲੀਕ ਹੋਣ ਕਾਰਨ ਮੰਗਲਵਾਰ ਨੂੰ 4 ਬੱਚਿਆਂ ਸਣੇ 8 ਭਾਰਤੀਆਂ ਦੀ ਮੌਤ ਹੋ ਗਈ ਸੀ।
ਜਾਣਕਾਰੀ ਮੁਤਾਬਕ ਕੇਰਲ ਤੋਂ 15 ਲੋਕਾਂ ਦਾ ਸਮੂਹ ਪੋਖਰਾ ਘੁੰਮਣ ਆਇਆ ਸੀ। ਇਹ ਲੋਕ ਵਾਪਸ ਕੇਰਲ ਜਾਣ ਵਾਲੇ ਸਨ ਅਤੇ ਰਾਤ ਨੂੰ ਇੱਥੇ ਰੁਕੇ ਸਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਕਮਰੇ ਨੂੰ ਗਰਮ ਕਰਨ ਲਈ ਗੈਸ ਹੀਟਰ ਚਾਲੂ ਕੀਤਾ ਸੀ ਜਿਸ ਦੀ ਗੈਸ ਲੀਕ ਹੋਣ ਕਾਰਨ ਉਨ੍ਹਾਂ ਦਾ ਸਾਹ ਘੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਕਮਰੇ ਦਾ ਦਰਵਾਜ਼ਾ ਤੇ ਖਿੜਕੀਆਂ ਅੰਦਰੋਂ ਬੰਦ ਸਨ।
ਨੇਪਾਲ ‘ਚ ਭਾਰਤੀ ਮਿਸ਼ਨ ਮ੍ਰਿਤਕਾਂ ਦੇ ਪਰਿਵਾਰਾਂ, ਦੋਸਤਾਂ, ਸਥਾਨਕ ਅਧਿਕਾਰੀਆਂ ਅਤੇ ਹਸਪਤਾਲ ਅਧਿਕਾਰੀਆਂ ਦੇ ਸੰਪਰਕ ‘ਚ ਹੈ।