ਤੁਹਾਡੀ ਯਾਦਾਸ਼ਤ ਤੁਹਾਡੇ ਨਲ ਖੇਡਾਂ ਖੇਡ ਰਹੀ ਹੈ। ਤੁਸੀਂ ਬਹੁਤ ਹੀ ਸਹੂਲਤ ਨਾਲ ਉਨ੍ਹਾਂ ਚੀਜ਼ਾਂ ਭੁੱਲ ਰਹੇ ਹੋ ਜਿਹੜੀਆਂ ਤੁਹਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਹਨ। ਤੁਹਾਡਾ ਤਰਕ ਵੀ ਪੂਰੀ ਤਰ੍ਹਾਂ ਨਾਲ ਤਰੁਟੀਰਹਿਤ ਨਹੀਂ। ਉਹ ਸੁਣਨ ਵਿੱਚ ਤਾਂ ਕਾਫ਼ੀ ਮੰਨਣਯੋਗ ਲੱਗਦੈ, ਪਰ ਉਸ ਵਿੱਚ ਇੱਕ ਵੱਡੀ ਊਣਤਾਈ ਹੈ। ਇਸ ਦਾ ਕਾਰਨ ਹੈ ਕਿ ਤੁਸੀਂ ਆਪਣਾ ਮਨ ਕਿਸੇ ਇੱਕ ਸ਼ੈਅ ‘ਤੇ ਟਿਕਾ ਕੇ ਬੈਠੇ ਹੋਏ ਹੋ। ਅਜਿਹਾ ਟੀਚਾ ਜਿਸ ਨੂੰ ਤੁਸੀਂ ਹਾਸਿਲ ਕਰਨਾ ਚਾਹੁੰਦੇ ਹੋ। ਤੁਸੀਂ ਕੋਈ ਵੀ ਦਲੀਲ ਸੁਣਨ ਵਿੱਚ ਬਹੁਤੀ ਦਿਲਚਸਪੀ ਨਹੀਂ ਰੱਖਦੇ। ਦਲੀਲ, ਤੁਸੀਂ ਡਰਦੇ ਹੋ, ਤੁਹਾਨੂੰ ਕੋਈ ਨਾ ਕੋਈ ਉਲਟੀ ਪੱਟੀ ਪੜ੍ਹਾ ਜਾਵੇਗੀ। ਕਈ ਵਾਰ ਬੇਇਖ਼ਤਿਆਰੀ ਨੂੰ ਅਕਲ ‘ਤੇ ਹਾਵੀ ਹੋਣ ਦੇਣਾ ਵੀ ਮਾੜਾ ਖ਼ਿਆਲ ਨਹੀਂ ਹੁੰਦਾ। ਤੁਹਾਡਾ ਦਿਲ, ਘੱਟੋ ਘੱਟ ਹਾਲ ਦੀ ਘੜੀ, ਤੁਹਾਡੇ ਸਿਰ ਨਾਲੋਂ ਬਿਹਤਰ ਜਾਣਦੈ ਅਤੇ ਸਮਝਦੈ। ਉਸ ਨੂੰ ਇਹ ਗੱਲ ਸਾਬਿਤ ਕਰਨ ਦਾ ਇੱਕ ਮੌਕਾ ਜ਼ਰੂਰ ਦਿਓ।

ਤੁਹਾਨੂੰ ਡਰ ਹੈ ਕਿ ਤੁਸੀਂ ਇੱਕ ਖ਼ਾਸ ਕੰਮ ਕਰਨ ਦੇ ਯੋਗ ਨਹੀਂ। ਤੁਸੀਂ ਆਪਣੀ ਕਾਬਲੀਅਤ ‘ਤੇ ਸਵਾਲ ਕਰ ਰਹੇ ਹੋ। ਤੁਹਾਨੂੰ ਸੱਚਮੁੱਚ ਇੱਕ ਮਿੰਟ ਲਈ ਰੁੱਕ ਕੇ ਆਪਣੇ ਉੱਪਰ ਹਮੇਸ਼ਾ ਸ਼ੱਕ ਕਰਨ ਦੀ ਆਪਣੀ ਆਦਤ ਨੂੰ ਵੀ ਚੇਤੇ ਰੱਖਣਾ ਚਾਹੀਦੈ। ਅਕਸਰ ਇਹ ਤੁਹਾਡੇ ਹੌਸਲੇ ਉਸ ਵਕਤ ਪਸਤ ਕਰ ਦਿੰਦੀ ਹੈ ਜਦੋਂ ਤੁਹਾਨੂੰ ਜੋਸ਼ ਨਾਲ ਭਰਿਆ ਹੋਇਆ ਮਹਿਸੂਸ ਕਰਨ ਦੀ ਲੋੜ ਹੁੰਦੀ ਹੈ। ਕੁੱਝ ਲੋਕ ਤੁਹਾਡੀ ਨਿੰਦਾ ਕਰਦੇ ਹੋ ਸਕਦੇ ਹਨ, ਪਰ ਫ਼ਿਰ ਉਨ੍ਹਾਂ ਦੀ ਨੁਕਤਾਚੀਨੀ ਦੀ ਕੋਈ ਕੀਮਤ ਨਹੀਂ। ਉਹ ਤਾਂ ਹਮੇਸ਼ਾ ਨੁਕਸ ਹੀ ਕੱਢਦੇ ਨੇ। ਉਨ੍ਹਾਂ ਨੂੰ ਆਪਣੇ ਮਨ ਅੰਦਰਲੇ ਭੈਅ ਦੀ ਅੱਗ ਨੂੰ ਭੜਕਾਉਣ ਦਾ ਮੌਕਾ ਨਾ ਦਿਓ ਅਤੇ ਉਸ ‘ਤੇ ਆਪਣੇ ਵਲੋਂ ਵੀ ਕੋਈ ਈਂਧਨ ਨਾ ਪਾਓ। ਜੇਕਰ ਇਸ ਵਕਤ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਦਿਖਾ ਸਕੇ ਤਾਂ ਤੁਸੀਂ ਖ਼ੁਦ-ਬ-ਖ਼ੁਦ ਹੀ ਸਹੀ ਚੀਜ਼ ਕਰੋਗੇ।

ਇਸ ਜੀਵਨ ਦਾ ਮਹਾਨ ਲੜੀਵਾਰ ਨਾਟਕ ਨਿਰੰਤਰ ਆਪਣੀ ਚਾਲੇ ਚਲਦਾ ਰਹਿੰਦੈ। ਇੱਕ ਨਾਟਕ ਤੋਂ ਬਾਅਦ ਕੋਈ ਦੂਸਰਾ ਸ਼ੁਰੂ। ਹਾਲੇ ਜ਼ਿੰਦਗੀ ਦੇ ਇੱਕ ਹਿੱਸੇ ਦੀ ਸਮੱਸਿਆ ਮੁੱਕੀ ਵੀ ਨਹੀਂ ਹੁੰਦੀ ਕਿ ਕਿਸੇ ਦੂਸਰੇ ਹਿੱਸੇ ਵਿੱਚ ਕੋਈ ਹੋਰ ਮੁਸੀਬਤ ਅੰਗੜਾਈਆਂ ਲੈਣੀਆਂ ਸ਼ੁਰੂ ਕਰ ਦਿੰਦੀ ਹੈ। ਹਮੇਸ਼ਾ ਹੀ ਨਾਟਕ ਦੇ ਅੰਤ ਵਿੱਚ ਕੋਈ ਨਾ ਕੋਈ ਅਨਿਸ਼ਚਿਤਤਾ ਆ ਹੀ ਜਾਂਦੀ ਹੈ। ਅਕਸਰ, ਕੋਈ ਨਾ ਕੋਈ ਤਨਾਅ ਵਾਲੀ, ਅਨਿਸ਼ਚਿਤ ਸਥਿਤੀ ਬਣ ਜਾਂਦੀ ਹੈ। ਜਦੋਂ ਸ਼ਾਂਤੀ ਵੀ ਹੁੰਦੀ ਹੈ ਤਾਂ ਉਹ ਵੀ ਕਿਸੇ ਗ਼ਲਤ ਢੰਗ ਨਾਲ ਅਤੇ ਗ਼ਲਤ ਕਾਰਨਾਂ ਦੀ ਵਜ੍ਹਾ ਤੋਂ। ਜਾਂ ਸਾਨੂੰ ਅਜਿਹਾ ਮਹਿਸੂਸ ਹੁੰਦਾ ਹੈ। ਪਰ ਤੁਸੀਂ ਆਪਣੀ ਜ਼ਿੰਦਗੀ ਦੇ ਇੱਕ ਨਵੇਂ ਮੋੜ ‘ਤੇ ਖੜ੍ਹੇ ਹੋ। ਪੁਰਾਣੀਆਂ, ਥਕਾਊ ਸਥਿਤੀਆਂ ਬਦਲ ਸਕਦੀਆਂ ਹਨ, ਤੇਜ਼ੀ ਨਾਲ ਅਤੇ ਬਿਹਤਰੀ ਲਈ। ਕੀ ਇਹ ਤਬਦੀਲੀ ਤੁਹਾਡੀ ਜ਼ਿੰਦਗੀ ਵਿੱਚ ਨਾਟਕ ਦੀ ਕੋਈ ਹੋਰ ਅਗਲੀ ਕਿਸ਼ਤ ਲੈ ਕੇ ਆਵੇਗੀ ਜਾਂ ਫ਼ਿਰ ਆਖ਼ਿਰਕਾਰ ਆਪਣਾ ਕੋਈ ਸੁਪਨਾ ਪੂਰਾ ਕਰਨ ਦੇ ਇੱਕ ਮੌਕੇ ਦਾ ਆਰੰਭ? ਇਹ ਉਸ ਅਗਲੀ ਬਹਾਦਰ ਚੋਣ ‘ਤੇ ਨਿਰਭਰ ਕਰੇਗਾ ਜਿਹੜੀ ਤੁਸੀਂ ਆਪਣੇ ਜੀਵਨ ਵਿੱਚ ਕਰੋਗੇ।

ਕੀ ਤੁਸੀਂ ਇਸ ਵਕਤ ਕਿਸੇ ਪੁਰਾਣੀ ਜ਼ਮੀਨ ‘ਤੇ ਹੀ ਮੁੜ ਗੇੜੇ ਮਾਰੀ ਜਾ ਰਹੇ ਹੋ? ਕੀ ਤੁਸੀਂ ਇਨ੍ਹਾਂ ਬਹਿਸਾਂ ‘ਚੋਂ ਪਹਿਲਾਂ ਵੀ ਲੰਘ ਨਹੀਂ ਚੁੱਕੇ? ਸ਼ਾਇਦ ਲੰਘ ਚੁੱਕੇ ਹੋ। ਪਰ ਇਸ ਵਾਰ, ਤੁਸੀਂ ਉਨ੍ਹਾਂ ਵਿੱਚ ਕੁੱਝ ਵੱਖਰਾ ਦੇਖ ਰਹੇ ਹੋ। ਤਜਰਬਾ ਇੱਕ ਮਹਾਨ ਅਧਿਆਪਕ ਹੋ ਸਕਦੈ, ਪਰ ਕਈ ਵਾਰ ਇਹ ਸਾਡਾ ਗੁਮਰਾਹਕੁਨ ਮਾਰਗਦਰਸ਼ਕ ਵੀ ਬਣ ਜਾਂਦੈ। ਸਾਨੂੰ ਲੱਗਦੈ ਕਿ, ਕਿਉਂਕਿ ਅਸੀਂ ਪਹਿਲਾਂ ਕਿਸੇ ਜਗ੍ਹਾ ਜਾ ਚੁੱਕੇ ਹਾਂ, ਸਾਨੂੰ ਉਸ ਸਥਾਨ ਜਾਂ ਸਥਿਤੀ ਬਾਰੇ ਉਹ ਸਭ ਕੁੱਝ ਪਤੈ ਜੋ ਪਤਾ ਹੋਣਾ ਚਾਹੀਦੈ। ਬਹੁਤ ਹੀ ਜਾਣੀਆਂ ਪਹਿਚਾਣੀਆਂ ਸਥਿਤੀਆਂ ਵਿੱਚ ਹੀ ਤੁਹਾਨੂੰ ਕੁੱਝ ਬਹੁਤ ਹੀ ਅਸਧਾਰਣ ਅਤੇ ਹੈਰਾਨੀਜਨਕ ਪਤਾ ਚੱਲ ਸਕਦੈ। ਉਸ ਤੋਂ ਭੈਅਭੀਤ ਜਾਂ ਚਿੰਤਤ ਹੋਣ ਦੀ ਲੋੜ ਨਹੀਂ। ਕੇਵਲ ਕਿਸੇ ਪੁਰਾਣੇ ਖ਼ਿਆਲ ਨੂੰ ਹਲਕੇ ਜਿਹੇ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਲਈ ਤਿਆਰ ਰਹੋ।

ਜਿੱਥੇ ਖਾਰਿਸ਼ ਹੋ ਰਹੀ ਹੈ ਉੱਥੇ ਖੁਰਕ ਨਾ ਕਰੋ। ਲਮਕਦੇ ਅਤੇ ਢਿੱਲੇ ਧਾਗਿਆਂ ਨੂੰ ਨਾ ਖਿੱਚੋ। ਅਸਥਿਰ ਤਵਾਜ਼ਨ ‘ਤੇ ਉਸਾਰੇ ਪ੍ਰਬੰਧਾਂ ਉੱਪਰ ਹੋਰ ਭਾਰ ਨਾ ਪਾਓ। ਤੁਸੀਂ ਬਾਜ਼ ਨਹੀਂ ਆ ਸਕਦੇ ਨਾ? ਤੁਹਾਡਾ ਇੱਕ ਹਿੱਸਾ ਭਲੀ ਪ੍ਰਕਾਰ ਇਹ ਜਾਣਦੈ ਕਿ ਤੁਹਾਨੂੰ ਕਿਸੇ ਸਥਿਤੀ ਨੂੰ ਅਣਗੌਲਣ ਦੀ ਲੋੜ ਹੈ, ਪਰ ਫ਼ਿਰ ਵੀ ਤੁਸੀਂ ਉਸ ਵੱਲ ਆਪਣੇ ਆਪ ਇੰਝ ਖਿੱਚੇ ਜਾਂਦੇ ਹੋ ਜਿਵੇਂ ਕਿਸੇ ਸ਼ਮਾ ਵੱਲ ਕੋਈ ਪਰਵਾਨਾ। ਤੁਸੀਂ ਕਿਸੇ ਅਜਿਹੇ ਖ਼ਾਸ ਵਿਸ਼ੇ ਬਾਰੇ ਸੋਚੀ ਜਾ ਰਹੇ ਹੋ, ਕਿਸੇ ਬਹਿਸ ਨੂੰ ਦੋਬਾਰਾ ਸ਼ੁਰੂ ਕਰ ਰਹੇ ਹੋ ਜਾਂ ਕੋਈ ਅਜਿਹੀ ਗੱਲਬਾਤ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਸ ਨਾਲ ਕਿਸੇ ਕਿਸਮ ਦੀ ਵੀ ਬਿਹਤਰ ਅਤੇ ਡੂੰਘੀ ਸਮਝ ਹਾਸਿਲ ਹੋਣ ਦੀ ਕੋਈ ਸੰਭਾਵਨਾ ਨਹੀਂ। ਅਜਿਹਾ ਕਿਉਂ? ਤੁਹਾਨੂੰ ਕਿਹੜੀ ਸ਼ੈਅ ਤਨਾਅਗ੍ਰਸਤ ਕਰ ਰਹੀ ਹੈ? ਕਿਰਪਾ ਕਰ ਕੇ ਹੋਰ ਜ਼ਿਆਦਾ ਪੇਰਸ਼ਾਨ ਨਾ ਹੋਵੋ। ਸ਼ਾਂਤ ਹੋ ਜਾਓ। ਆਪਣਾ ਧਿਆਨ ਵੰਡਾਓ। ਜੀਓ ਅਤੇ ਜੀਣ ਦਿਓ!