ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉੱਪ ਕਪਤਾਨ ਰੋਹਿਤ ਸ਼ਰਮਾ ਨੇ ਇਸ ਹਫ਼ਤੇ ਜਾਰੀ ICC ਇੱਕ ਰੋਜ਼ਾ ਦਰਜਾਬੰਦੀ ਦੀ ਬੱਲੇਬਾਜ਼ੀ ਸੂਚੀ ਵਿੱਚ ਪਹਿਲੇ ਦੋ ਸਥਾਨ ਮਜ਼ਬੂਤ ਕਰ ਲਏ ਹਨ ਜਦਕਿ ਜਸਪ੍ਰੀਤ ਬੁਮਰਾਹ ਨੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ। ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਕੋਹਲੀ ਨੂੰ ਅੱਵਲ ਨੰਬਰ ਅਤੇ ਰੋਹਿਤ ਨੂੰ ਨੰਬਰ ਦੋ ਦਰਜਾਬੰਦੀ ਵਿੱਚ ਮਜ਼ਬੂਤੀ ਮਿਲੀ। ਭਾਰਤ ਨੇ ਇਹ ਲੜੀ 2-1 ਨਾਲ ਜਿੱਤੀ ਹੈ। ਲੜੀ ਦੌਰਾਨ ਕੋਹਲੀ ਨੇ 183 ਦੌੜਾਂ, ਜਦਕਿ ਰੋਹਿਤ ਨੇ 171 ਦੌੜਾਂ ਬਣਾਈਆਂ। ਰੋਹਿਤ ਨੇ ਬੰਗਲੌਰ ਵਿੱਚ ਤੀਜੇ ਇੱਕ ਰੋਜ਼ਾ ਵਿੱਚ 119 ਦੌੜਾਂ ਦੀ ਪਾਰੀ ਖੇਡੀ।
ICC ਦੇ ਬਿਆਨ ਅਨੁਸਾਰ, ਕੋਹਲੀ ਦੇ 886 ਅਤੇ ਰੋਹਿਤ ਦੇ 868 ਅੰਕ ਹਨ। ਉਨ੍ਹਾਂ ਨੂੰ ਕ੍ਰਮਵਾਰ ਦੋ ਅਤੇ ਤਿੰਨ ਰੇਟਿੰਗ ਅੰਕ ਮਿਲੇ। ਪਾਕਿਸਤਾਨ ਦਾ ਬਾਬਰ ਆਜ਼ਮ 829 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸਿਖਰ ਧਵਨ ਨੇ ਦੋ ਪਾਰੀਆਂ ਵਿੱਚ 170 ਦੌੜਾਂ ਬਣਾਈਆਂ ਅਤੇ ਉਹ ਸੱਤ ਦਰਜੇ ਉੱਪਰ 15ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਮੋਢੇ ਦੀ ਸੱਟ ਕਾਰਨ ਉਹ ਤੀਜੇ ਇੱਕ ਰੋਜ਼ਾ ਵਿੱਚ ਬੱਲੇਬਾਜ਼ੀ ਨਹੀਂ ਸੀ ਕਰ ਸਕਿਆ। ਉਸ ਦੀ ਥਾਂ ਪਾਰੀ ਦਾ ਆਗ਼ਾਜ਼ ਕਰਨ ਵਾਲੇ ਕੇ. ਐੱਲ. ਰਾਹੁਲ ਨੇ ਤਿੰਨ ਮੈਚਾਂ ਵਿੱਚ ਕੁੱਲ 146 ਦੌੜਾਂ ਬਣਾਈਆਂ ਅਤੇ ਉਹ 21 ਦਰਜੇ ਦੇ ਫ਼ਾਇਦੇ ਨਾਲ 50ਵੇਂ ਸਥਾਨ ‘ਤੇ ਪਹੁੰਚ ਗਿਆ।
ਸੱਟ ਤੋਂ ਉਭਰ ਕੇ ਵਾਪਸੀ ਕਰਨ ਵਾਲਾ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ ਵਿੱਚ 764 ਅੰਕ ਲੈ ਕੇ ਚੋਟੀ ‘ਤੇ ਹੈ। ਉਸ ਮਗਰੋਂ ਨਿਊ ਜ਼ੀਲੈਂਡ ਦੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਅਤੇ ਅਫ਼ਗ਼ਾਨਿਸਤਾਨ ਦਾ ਮੁਜੀਬ ਉਰ ਰਹਿਮਾਨ ਦਾ ਨੰਬਰ ਆਉਂਦਾ ਹੈ। ਦੱਖਣੀ ਅਫ਼ਰੀਕਾ ਦਾ ਕੈਗਿਸੋ ਰਬਾਡਾ ਅਤੇ ਆਸਟਰੇਲੀਆ ਦਾ ਪੈਟ ਕਮਿਨਜ਼ ਚੋਟੀ ਦੇ ਪੰਜ ਗੇਂਦਬਾਜ਼ਾਂ ਵਿੱਚ ਸ਼ਾਮਿਲ ਹਨ। ਭਾਰਤੀ ਹਰਫ਼ਨਮੌਲਾ ਰਵਿੰਦਰ ਜਡੇਜਾ ਦੋ ਸਥਾਨ ਉੱਪਰ 27ਵੇਂ ਸਥਾਨ ‘ਤੇ ਪਹੁੰਚ ਗਿਆ। ਉਸ ਨੇ ਲੜੀ ਵਿੱਚ ਚਾਰ ਵਿਕਟਾਂ ਲਈਆਂ। ਜਡੇਜਾ ਨੇ 45 ਦੌੜਾਂ ਵੀ ਬਣਾਈਆਂ ਜਿਸ ਨਾਲ ਉਹ ਹਰਫ਼ਨਮੌਲਿਆਂ ਦੀ ਸੂਚੀ ਵਿੱਚ ਚਾਰ ਦਰਜਿਆਂ ਦੇ ਫ਼ਾਇਦੇ ਨਾਲ ਦਸਵੇਂ ਨੰਬਰ ‘ਤੇ ਪਹੁੰਚ ਗਿਆ।
ਆਸਟਰੇਲੀਆ ਦੇ ਸਟੀਵ ਸਮਿੱਥ ਨੇ ਲੜੀ ਦੌਰਾਨ ਸਭ ਤੋਂ ਵੱਧ 229 ਦੌੜਾਂ ਬਣਾਈਆਂ। ਉਸ ਨੂੰ ਚਾਰ ਦਰਜੇ ਦਾ ਫ਼ਾਇਦਾ ਹੋਇਆ ਅਤੇ ਉਹ 23ਵੇਂ ਨੰਬਰ ‘ਤੇ ਪਹੁੰਚ ਗਿਆ।