ਬੰਗਲੂਰੂ – ਆਸਟਰੇਲਿਆਈ ਕਪਤਾਨ ਐਰੋਨ ਫ਼ਿੰਚ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਦਾਬਹਾਰ ਮਹਾਨ ਇੱਕ ਰੋਜ਼ਾ ਖਿਡਾਰੀ ਕਰਾਰ ਦਿੱਤਾ ਜਦਕਿ ਰੋਹਿਤ ਸ਼ਰਮਾ ਨੂੰ ਚੋਟੀ ਦੇ ਪੰਜ ਵਿੱਚ ਸ਼ਾਮਿਲ ਕੀਤਾ। ਰੋਹਿਤ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਇੱਕ ਰੋਜ਼ਾ ਵਿੱਚ 119 ਦੌੜਾਂ ਬਣਾਈਆਂ ਜੋ ਉਸ ਦਾ 29ਵਾਂ ਇੱਕ ਰੋਜ਼ਾ ਸੈਂਕੜਾ ਸੀ। ਕੋਹਲੀ ਨੇ 89 ਗੇਂਦਾਂ ਵਿੱਚ 91 ਦੌੜਾਂ ਬਣਾਈਆਂ। ਉਨ੍ਹਾਂ ਦੋਵਾਂ ਨੇ 137 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਕਾਰਨ ਭਾਰਤ ਨੇ ਇਹ ਮੈਚ ਆਸਾਨੀ ਨਾਲ ਜਿੱਤਿਆ। ਫ਼ਿੰਚ ਦਾ ਮੰਨਣਾ ਹੈ ਕਿ ਸਲਾਮੀ ਬੱਲੇਬਾਜ਼ ਸਿਖਰ ਧਵਨ ਦੇ ਮੋਢੇ ਦੀ ਸੱਟ ਕਾਰਨ ਬੱਲੇਬਾਜ਼ੀ ਲਈ ਨਾ ਉਤਰਨ ਦੇ ਬਾਵਜੂਦ ਦੋਹਾਂ ਦੀਆਂ ਪਾਰੀਆਂ ਨਾਲ ਭਾਰਤ ਨੇ 287 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਿਲ ਕੀਤਾ। ਫ਼ਿੰਚ ਨੇ ਮੈਚ ਮਗਰੋਂ ਕਿਹਾ, ”ਉਨ੍ਹਾਂ ਕੋਲ ਵਿਰਾਟ ਹੈ ਜੋ ਸ਼ਾਇਦ ਸਦਾਬਹਾਰ ਇੱਕ ਰੋਜ਼ਾ ਖਿਡਾਰੀ ਹੈ ਅਤੇ ਰੋਹਿਤ ਹੈ ਜੋ ਸ਼ਾਇਦ ਸਦਾਬਹਾਰ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਿਖਰਲੇ ਪੰਜ ਵਿੱਚ ਸ਼ਾਮਿਲ ਹੋਵੇਗਾ। ਉਹ ਲਾਜਵਾਬ ਹਨ ਅਤੇ ਇਸ ਵੇਲੇ ਭਾਰਤ ਦੀ ਅਹਿਮੀਅਤ ਇਹ ਹੈ ਕਿ ਉਸ ਕੋਲ ਅਜਿਹੇ ਮਾਹਿਰ ਖਿਡਾਰੀ ਹਨ ਜਿਹੜੇ ਵੱਡੇ ਮੈਚਾਂ ਵਿੱਚ ਆਪਣੀਆਂ ਭੂਮਿਕਾਵਾਂ ਚੰਗੀ ਤਰ੍ਹਾਂ ਨਿਭਾਅ ਰਹੇ ਹਨ।”