ਔਕਲੈਂਡ – ਨਿਊ ਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਕ੍ਰੈਗ ਮੈਕਮਿਲਨ ਦਾ ਮੰਨਣਾ ਹੈ ਕਿ ਮੇਜ਼ਬਾਨ ਦਾ ਸਾਹਮਣਾ ਭਾਰਤੀ ਕ੍ਰਿਕਟ ਟੀਮ ਦੇ ਰੂਪ ‘ਚ ਇੱਕ ਪਾਵਰਹਾਊਸ ਨਾਲ ਹੈ ਅਤੇ ਨਿਊ ਜ਼ੀਲੈਂਡ ਨੂੰ ਪਾਸ ਹੋਣ ਲਈ ਤਿੰਨ ਵਿੱਚੋਂ ਦੋ ਫ਼ਾਰਮੈਟ ਜਿੱਤਣੇ ਹੋਣਗੇ। ਭਾਰਤੀ ਟੀਮ ਨਿਊ ਜ਼ੀਲੈਂਢ ਵਿੱਚ ਪੰਜ T-20 ਮੈਚ, ਤਿੰਨ ਵਨ ਡੇ ਅਤੇ ਦੋ ਟੈੱਸਟ ਖੇਡੇਗੀ।
ਮੈਕਮਿਲਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ”ਇਹ ਵੱਡੀ ਸੀਰੀਜ਼ ਹੈ। ਆਸਟਰੇਲੀਆ ਵਿੱਚ ਜੋ ਹੋਇਆ ਉਸ ਤੋਂ ਬਾਅਦ ਇਹ ਦੌਰਾ ਕਾਫ਼ੀ ਵੱਡਾ ਹੈ। ਭਾਰਤੀ ਟੀਮ ਪਾਵਰ ਹਾਊਸ ਹੈ। ਟੈੱਸਟ, ਵਨ ਡੇ ਅਤੇ T-20 ਸਾਰੀਆਂ ਲੜੀਆਂ ਅਹਿਮ ਹੋਣਗੀਆਂ। ਨਿਊ ਜ਼ੀਲੈਂਡ ਨੂੰ ਪਾਸ ਹੋਣ ਦੇ ਅੰਕ ਹਾਸਿਲ ਕਰਨ ਲਈ 3 ਵਿਚੋਂ 2 ਲੜੀਆਂ ਜਿੱਤਣੀਆਂ ਹੋਣਗੀਆਂ।” ਭਾਰਤ ਖ਼ਿਲਾਫ਼ ਸੀਰੀਜ਼ ਦਾ ਆਗ਼ਾਜ਼ ਸ਼ੁੱਕਰਵਾਰ ਨੂੰ T-20 ਮੈਚ ਤੋਂ ਹੋਵੇਗਾ। ਮੈਕਮਿਲਨ ਨੇ ਕਿਹਾ ਕਿ ਸ਼ੁਰੂਆਤ ਵਿੱਚ ਪੰਜ T-20 ਮੈਚ ਹੋਣਗੇ ਅਤੇ ਮੈਨੂੰ ਪਤਾ ਹੈ ਕਿ ਇਹ ਸਭ ਦਾ ਪਸੰਦੀਦਾ ਫ਼ੌਰਮੈਟ ਨਹੀਂ। ਉਸ ਤੋਂ ਬਾਅਦ ਅਕਤੂਬਰ ਵਿੱਚ ਆਸਟਰੇਲੀਆ ਵਿੱਚ T-20 ਵਰਲਡ ਕੱਪ ਹੋਣਾ ਹੈ। ਇਸ ਲਈ ਇਹ ਸੀਰੀਜ਼ ਅਹਿਮ ਹੈ। ਆਸਟਰੇਲੀਆ ਵਿੱਚ ਪ੍ਰਦਰਸ਼ਨ ਤੋਂ ਬਾਅਦ ਸਾਨੂੰ ਜਿੱਤ ਦੇ ਰਾਹ ‘ਤੇ ਪਰਤਣਾ ਹੋਵੇਗਾ।