ਸ਼੍ਰੀਨਗਰ— ਅੱਤਵਾਦੀਆਂ ਨਾਲ ਤਾਰ ਜੁੜੇ ਹੋਣ ਅਤੇ ਉਨ੍ਹਾਂ ਦਾ ਮਦਦਗਾਰ ਜੰਮੂ-ਕਸ਼ਮੀਰ ਪੁਲਸ ਦਾ ਬਰਖਾਸਤ ਡੀ. ਐੱਸ. ਪੀ. ਦਵਿੰਦਰ ਸਿੰਘ ‘ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸ਼ਿਕੰਜਾ ਕੱਸਿਆ ਹੈ। ਬੁੱਧਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਦਵਿੰਦਰ ਦੇ ਇੰਦਰਾ ਨਗਰ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਦਵਿੰਦਰ ਦੇ ਘਰੋਂ 7.5 ਲੱਖ ਰੁਪਏ ਦੀ ਨਕਦੀ, ਇਕ ਨਕਸ਼ਾ ਅਕੇ ਕੁਝ ਅਹਿਮ ਦਸਤਾਵੇਜ਼ ਮਿਲੇ ਹਨ। ਇਨ੍ਹਾਂ ਦਸਤਾਵੇਜ਼ਾਂ ਦੇ ਮਿਲਣ ਤੋਂ ਬਾਅਦ ਐੱਨ. ਆਈ. ਏ. ਨੇ ਦਵਿੰਦਰ ਸਿੰਘ ਨੂੰ ਦਿੱਲੀ ਲੈ ਕੇ ਜਾਣ ਦਾ ਯੋਜਨਾ ਫਿਲਹਾਲ ਛੱਡ ਦਿੱਤੀ ਹੈ।
ਸੂਤਰਾਂ ਮੁਤਾਬਕ ਸਿੰਘ ਨੂੰ ਕੁਝ ਸਮਾਂ ਹੋਰ ਕਸ਼ਮੀਰ ‘ਚ ਰੱਖਿਆ ਜਾਵੇਗਾ। ਐੱਨ. ਆਈ. ਏ. ਅਧਿਕਾਰੀਆਂ ਦੀ ਯੋਜਨਾ ਛਾਪੇਮਾਰੀ ਕਰ ਕੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਏਜੰਸੀ ਦਵਿੰਦਰ ਸਿੰਘ ਨੇ ਅਜੇ ਹੋਰ ਸੰਭਾਵਿਤ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕਰੇਗੀ। ਦਵਿੰਦਰ ਤੋਂ ਇਲਾਵਾ ਐੱਨ. ਆਈ. ਏ. ਨੇ ਸ਼੍ਰੀਨਗਰ ਦੇ ਗੁਲਸ਼ਨ ਨਗਰ ਸਥਿਤ ਇਕ ਡਾਕਟਰ ਦੇ ਘਰ ‘ਤੇ ਵੀ ਛਾਪੇਮਾਰੀ ਕਰਨ ਲਈ ਪੁੱਜੇ। ਜਦੋਂ ਅਧਿਕਾਰੀਆਂ ਉੱਥੇ ਪੁੱਜੇ ਤਾਂ ਘਰ ‘ਤੇ ਤਾਲਾ ਲੱਗਾ ਹੋਇਆ ਸੀ। ਫਿਰ ਵੀ ਉਨ੍ਹਾਂ ਨੇ ਉਸ ਥਾਂ ਦੀ ਜਾਂਚ ਕੀਤੀ ਪਰ ਉਨ੍ਹਾਂ ਨੂੰ ਉੱਥੋਂ ਕੁਝ ਨਹੀਂ ਮਿਲਿਆ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਪੁਲਸ ਤੋਂ ਬਰਖਾਸਤ ਹੋ ਚੁੱਕੇ ਡੀ. ਐੱਸ. ਪੀ. ਦਵਿੰਦਰ ਸਿੰਧ ਨੂੰ ਬੀਤੀ 11 ਜਨਵਰੀ ਨੂੰ ਹਿਜ਼ਬੁਲ ਮੁਜਾਹਿਦੀਨ ਦੇ 3 ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਇਹ ਅੱਤਵਾਦੀ ਦਵਿੰਦਰ ਨਾਲ ਇਕ ਕਾਰ ‘ਚ ਸਵਾਰ ਸਨ। ਦਵਿੰਦਰ ਸਿੰਘ ‘ਤੇ ਦੋਸ਼ ਹੈ ਕਿ ਉਹ ਅੱਤਵਾਦੀਆਂ ਨੂੰ ਜੰਮੂ ਲੈ ਕੇ ਜਾ ਰਿਹਾ ਸੀ, ਜਿੱਥੋਂ ਤਿੰਨਾਂ ਨੇ ਦਿੱਲੀ ਜਾਣਾ ਸੀ। ਜਿਸ ਸਮੇਂ ਦਵਿੰਦਰ ਨੂੰ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਗਿਆ, ਉਸ ਸਮੇਂ ਕਾਰ ‘ਚ ਗੋਲਾ-ਬਾਰੂਦ ਵੀ ਬਰਾਮਦ ਹੋਇਆ ਸੀ।