ਬੰਗਲੌਰ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਆਸਟਰੇਲੀਆ ਖ਼ਿਲਾਫ਼ ਲੜੀ ਵਿੱਚ ਜਿੱਤ ਨਾਲ ਟੀਮ ਦੇ ਹੌਸਲੇ ਬੁਲੰਦ ਹਨ। ਉਸ ਨੇ ਕਿਹਾ ਕਿ 24 ਜਨਵਰੀ ਤੋਂ ਸ਼ੁਰੂ ਹੋ ਰਹੇ ਨਿਊ ਜ਼ੀਲੈਂਡ ਦੌਰੇ ਦੌਰਾਨ ਭਾਰਤ ਦਾ ਟੀਚਾ ਕਿਵੀ ਟੀਮ ਨੂੰ ਪਹਿਲੀ ਗੇਂਦ ਤੋਂ ਹੀ ਦਬਾਅ ਵਿੱਚ ਰੱਖਣਾ ਹੋਵੇਗਾ। ਭਾਰਤੀ ਟੀਮ ਨਿਊ ਜ਼ੀਲੈਂਡ ਦੌਰੇ ਮੌਕੇ ਪੰਜ T-20 ਕੌਮਾਂਤਰੀ, ਤਿੰਨ ਇੱਕ ਰੋਜ਼ਾ ਅਤੇ ਦੋ ਟੈੱਸਟ ਮੈਚ ਖੇਡੇਗੀ। ਬੀਤੇ ਸਾਲ ਭਾਰਤ ਨੇ ਨਿਊ ਜ਼ੀਲੈਂਡ ਨੂੰ ਇੱਕ ਰੋਜ਼ਾ ਵਿੱਚ 4-1 ਨਾਲ ਹਰਾਇਆ ਸੀ, ਅਤੇ T-20 ਲੜੀ ਉਹ 1-2 ਨਾਲ ਗੁਆ ਬੈਠਾ ਸੀ। ਕੋਹਲੀ ਨੇ ਆਸਟਰੇਲੀਆ ਖ਼ਿਲਾਫ਼ ਫ਼ੈਸਲਾਕੁਨ ਤੀਜੇ ਇੱਕ ਰੋਜ਼ਾ ਮੈਚ ਵਿੱਚ ਸੱਤ ਵਿਕਟਾਂ ਨਾਲ ਜਿੱਤ ਮਗਰੋਂ ਕਿਹਾ, ”ਜੇਕਰ ਤੁਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋ ਤਾਂ ਤੁਸੀਂ ਨਿਊ ਜ਼ੀਲੈਂਡ ਨੂੰ ਦਬਾਅ ਵਿੱਚ ਲਿਆ ਸਕਦੇ ਹੋ। ਬੀਤੇ ਸਾਲ ਅਸੀਂ ਇਹੀ ਕੀਤਾ ਸੀ। ਅਸੀਂ ਵਿਚਕਾਰਲੇ ਓਵਰਾਂ ਵਿੱਚ ਉਨ੍ਹਾਂ ‘ਤੇ ਦਬਾਅ ਬਣਾਇਆ, ਵਿਕਟਾਂ ਲਈਆਂ ਅਤੇ ਸਪਿਨਰਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਅਸੀਂ ਉਸੇ ਜਜ਼ਬੇ ਨਾਲ ਇਸ ਲੜੀ ਵਿੱਚ ਉਤਰਾਂਗੇ।”
ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉੱਪ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਜਾਰੀ ICC ਇੱਕ ਰੋਜ਼ਾ ਦਰਜਾਬੰਦੀ ਦੀ ਬੱਲੇਬਾਜ਼ੀ ਸੂਚੀ ਵਿੱਚ ਪਹਿਲੇ ਦੋ ਸਥਾਨ ਮਜ਼ਬੂਤ ਕਰ ਲਏ ਹਨ ਜਦਕਿ ਜਸਪ੍ਰੀਤ ਬੁਮਰਾਹ ਨੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ। ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਕੋਹਲੀ ਨੂੰ ਅੱਵਲ ਨੰਬਰ ਅਤੇ ਰੋਹਿਤ ਨੂੰ ਨੰਬਰ ਦੋ ਦਰਜਾਬੰਦੀ ਵਿੱਚ ਮਜ਼ਬੂਤੀ ਮਿਲੀ।