ਨਵੀਂ ਦਿੱਲੀ – ਭਾਰਤ ਅਤੇ ਨਿਊ ਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ T-20 ਸੀਰੀਜ਼ ਦਾ ਪਹਿਲਾ ਮੁਕਾਬਲਾ 24 ਜਨਵਰੀ ਤੋਂ ਖੇਡਿਆ ਜਾਣਾ ਹੈ। ਟੀਮ ਇੰਡੀਆ ਦੇ ਖਿਡਾਰੀ ਨਿਊ ਜ਼ੀਲੈਂਡ ਲਈ ਰਵਾਨਾ ਹੋ ਗਏ ਹਨ ਜਿਸ ਦੀ ਜਾਣਕਾਰੀ ਟੀਮ ਦੇ ਸੀਨੀਅਰ ਖਿਡਾਰੀ ਹਿੱਟਮੈਨ ਭਾਵ ਰੋਹਿਤ ਸ਼ਰਮਾ ਨੇ ਦਿੱਤੀ। ਦਰਅਸਲ ਰੋਹਿਤ ਸ਼ਰਮਾ ਨੇ ਆਪਣੇ ਇਨਸਟਾਗ੍ਰੈਮ ‘ਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ”ਨਿਊ ਜ਼ੀਲੈਂਡ ਦੌਰੇ ਲਈ ਰਵਾਨਾ ਹੋ ਰਹੇ ਹਾਂ।”
ਜ਼ਿਕਰਯੋਗ ਹੈ ਕਿ ਇਸ ਤਸਵੀਰ ‘ਚ ਰੋਹਿਤ ਦੇ ਨਾਲ ਕੁਲਦੀਪ ਯਾਦਵ, ਯੁਜ਼ਵੇਂਦਰ ਚਾਹਲ, ਮੁਹੰਮਦ ਸ਼ਮੀ, ਰਿਸ਼ਭ ਪੰਤ ਨਜ਼ਰ ਆ ਰਹੇ ਹਨ। ਰੋਹਿਤ ਤੋਂ ਇਲਾਵਾ ਵੀ ਕਈ ਖਿਡਾਰੀਆਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਤਸਵੀਰਾਂ ਪੋਸਟ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੇ T-20 ਸੀਰੀਜ਼ ਤੋਂ ਬਾਅਦ ਤਿੰਨ ਵਨ-ਡੇ ਮੈਚ ਅਤੇ ਦੋ ਟੈੱਸਟ ਮੈਚ ਖੇਡਣੇ ਹਨ। ਮੁਹੰਮਦ ਸ਼ਮੀ ਦੀ ਅਗਵਾਈ ‘ਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰੋਹਿਤ ਸ਼ਰਮਾ ਦੇ ਸੈਂਕੜੇ ਅਤੇ ਕਪਤਾਨ ਵਿਰਾਟ ਕੋਹਲੀ ਦੀਆਂ 89 ਦੌੜਾਂ ਦੀ ਮਦਦ ਨਾਲ ਭਾਰਤ ਨੇ ਫ਼ੈਸਲਾਕੁੰਨ ਤੀਜੇ ਵਨ-ਡੇ ਕ੍ਰਿਕਟ ਮੈਚ ‘ਚ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ।