ਨਵੀਂ ਦਿੱਲੀ/ਮੁੰਬਈ— ਨਿਰਭਯਾ ਦੇ ਚਾਰੇ ਦੋਸ਼ੀਆਂ ਨੂੰ 1 ਫਰਵਰੀ 2020 ਨੂੰ ਫਾਂਸੀ ਦੇ ਦਿੱਤੀ ਜਾਵੇਗੀ। ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਇਕ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਨਿਰਭਯਾ ਦੀ ਮਾਂ ਨੂੰ ਸਲਾਹ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਨਿਰਭਯਾ ਦੀ ਮਾਂ ਆਸ਼ਾ ਦੇਵੀ 2012 ਦੇ ਨਿਰਭਯਾ ਗੈਂਗਰੇਪ ਅਤੇ ਕਤਲ ਦੇ ਦੋਸ਼ੀਆਂ ਨੂੰ ਮੁਆਫ਼ ਕਰ ਦੇਵੇ, ਜਿਵੇਂ ਸੋਨੀਆ ਗਾਂਧੀ ਨੇ ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀ ਨਲਿਨੀ ਨੂੰ ਮੁਆਫ਼ ਕਰ ਦਿੱਤਾ ਸੀ। ਵਕੀਲ ਇੰਦਰਾ ਨੇ ਟਵੀਟ ਕੇ ਇਹ ਅਪੀਲ ਕੀਤੀ ਸੀ। ਇੰਦਰਾ ਦੇ ਇਸ ਟਵੀਟ ਕਾਰਨ ਕਾਫੀ ਵਿਵਾਦ ਖੜ੍ਹਾ ਹੋ ਗਿਆ ਸੀ। ਨਿਰਭਯਾ ਦੀ ਮਾਂ ਨੇ ਇੰਦਰਾ ਨੂੰ ਕਿਹਾ ਸੀ ਕਿ ਉਹ ਸਲਾਹ ਦੇਣ ਵਾਲੀ ਕੌਣ ਹੁੰਦੀ ਹੈ। ਮੈਂ ਦੋਸ਼ੀਆਂ ਨੂੰ ਮੁਆਫ਼ ਨਹੀਂ ਕਰਾਂਗੀ।
ਹੁਣ ਇਸ ਮਾਮਲੇ ਨੂੰ ਲੈ ਕੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਵਕੀਲ ਇੰਦਰਾ ‘ਤੇ ਸ਼ਬਦੀ ਹਮਲਾ ਬੋਲਿਆ ਹੈ। ਕੰਗਨਾ ਨੇ ਕਿਹਾ ਕਿ ਉਨ੍ਹਾਂ ਵਰਗੀਆਂ ਔਰਤਾਂ ਜੋ ਬਲਾਤਕਾਰੀਆਂ ਪ੍ਰਤੀ ਹਮਦਰਦੀ ਰੱਖਦੀਆਂ ਹਨ, ਵਹਿਸ਼ੀ ਦਰਿੰਦਿਆਂ ਨੂੰ ਜਨਮ ਦਿੰਦੀਆਂ ਹਨ।
ਦੱਸਣਯੋਗ ਹੈ ਕਿ ਕੰਗਨਾ ਇਨ੍ਹੀਂ ਦਿਨੀਂ ਆਪਣੀ ਫਿਲਮ ‘ਪੰਗਾ’ ਦਾ ਪ੍ਰਮੋਸ਼ਨ ਕਰ ਰਹੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਵਕੀਲ ਇੰਦਰਾ ਜੈਸਿੰਘ ਦੇ ਬਿਆਨ ਨੂੰ ਘਿਣੌਨਾ ਕਰਾਰ ਦਿੰਦੇ ਹੋਏ ਖੁੱਲ੍ਹ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਕੰਗਨਾ ਨੇ ਕਿਹਾ ਕਿ ਉਸ ਔਰਤ (ਇੰਦਰਾ) ਨੂੰ 4 ਦਿਨ ਉਨ੍ਹਾਂ ਦੋਸ਼ੀ ਲੜਕਿਆਂ ਨਾਲ ਜੇਲ ‘ਚ ਰੱਖੋ। ਉਨ੍ਹਾਂ ਨੂੰ ਰੱਖਣਾ ਵੀ ਚਾਹੀਦਾ ਹੈ, ਉਸ ਨੂੰ ਜ਼ਰੂਰਤ ਹੈ। ਇਹੋ ਜਿਹੀਆਂ ਹੀ ਔਰਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਬਹੁਤ ਦਇਆ ਆਉਂਦੀ ਹੈ ਅਤੇ ਅਜਿਹੀਆਂ ਹੀ ਔਰਤਾਂ ਦੀ ਕੁੱਖ ਤੋਂ ਜਨਮੇ ਵਹਿਸ਼ੀ ਦਰਿੰਦੇ। ਇਨ੍ਹਾਂ ਦੋਸ਼ੀਆਂ ਵੀ ਕਿਸੇ ਕੁੱਖ ‘ਚੋਂ ਜਨਮੇ ਲਿਆ ਹੈ।