ਜਲੰਧਰ : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਨਾਗਰਿਕਤਾ (ਸੋਧ) ਕਾਨੂੰਨ (ਸੀ. ਏ. ਏ.) ਦੇ ਮਾਮਲੇ ਨੂੰ ਲੈ ਕੇ ਦੇਸ਼ ਭਰ ‘ਚ ਛੇੜੀ ਗਈ ਮੁਹਿੰਮ ਨੂੰ ਦੇਖਦੇ ਹੋਏ ਅਤੇ ਪਿਛਲੇ ਸਮੇਂ ‘ਚ ਕਸ਼ਮੀਰ ‘ਚ ਧਾਰਾ 370 ਨੂੰ ਖਤਮ ਕਰ ਕੇ ਚੁੱਕੇ ਗਏ ਕਦਮਾਂ ਤੋਂ ਬਾਅਦ ਪੰਜਾਬ ‘ਚ ਕਾਂਗਰਸ ਦੇ ਅੰਦਰ ਹਿੰਦੂ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਦੇਣ ਦਾ ਮਾਮਲਾ ਉਛਲਿਆ ਹੈ। ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਕਮੇਟੀ ਵਾਗਡੋਰ ਹਿੰਦੂ ਆਗੂ ਸੁਨੀਲ ਜਾਖੜ ਤੇ ਕੋਆਰਡੀਨੇਟਰ ਕਮੇਟੀ ਵਿਚ ਦੋ ਹਿੰਦੂ ਆਗੂਆਂ ਸੁੰਦਰਸ਼ਾਮ ਅਰੋੜਾ ਤੇ ਵਿਜੇ ਇੰਦਰ ਸਿੰਗਲਾ ਨੂੰ ਸ਼ਾਮਲ ਕਰਵਾਇਆ ਹੈ ਪਰ ਫਿਰ ਵੀ ਅਜੇ ਹੋਰ ਹਿੰਦੂ ਲੀਡਰਸ਼ਿਪ ਨੂੰ ਹੋਰ ਅੱਗੇ ਰੱਖਣ ਦੀ ਲੋੜ ਕਾਂਗਰਸ ‘ਚ ਮਹਿਸੂਸ ਕੀਤੀ ਜਾ ਰਹੀ ਹੈ। ਸੁੰਦਰਸ਼ਾਮ ਅਰੋੜਾ ਨੇ ਜਿਸ ਤਰ੍ਹਾਂ ਫਗਵਾੜਾ ਉਪਚੋਣ ‘ਚ ਕਾਂਗਰਸ ਨੂੰ ਜਿੱਤ ਦਾ ਸਿਹਰਾ ਬੰਨ੍ਹਵਾਉਣ ‘ਚ ਸਫਲਤਾ ਹਾਸਿਲ ਕੀਤੀ ਹੈ, ਉਸ ਦੀ ਮੁੱਖ ਮੰਤਰੀ ਨੇ ਖੁਦ ਪ੍ਰਸ਼ੰਸਾ ਕੀਤੀ ਸੀ। ਪੰਜਾਬ ਕੈਬਨਿਟ ‘ਚ ਹਿੰਦੂ ਮੰਤਰੀਆਂ ਨੂੰ ਵੀ ਨੁਮਾਇੰਦਗੀ ਮਿਲੀ ਹੋਈ ਹੈ।
ਭਾਜਪਾ ਨੇ ਆਪਣੇ ਕੇਂਦਰੀ ਮੰਤਰੀਆਂ ‘ਚ ਜਿਸ ਤਰ੍ਹਾਂ ਦੇਸ਼ ਭਰ ‘ਚ ਸੀ. ਏ. ਏ. ਨੂੰ ਲੈ ਕੇ ਆਪਣੇ ਪੱਖ ਵਿਚ ਮਾਹੌਲ ਬਣਾਉਣ ਲਈ ਭੇਜਣਾ ਸ਼ੁਰੂ ਕੀਤਾ ਹੈ, ਉਸ ਦਾ ਮੁਕਾਬਲਾ ਕਰਨ ਲਈ ਕਾਂਗਰਸ ਦੇ ਅੰਦਰ ਇਹ ਗੱਲ ਉਭਰ ਰਹੀ ਹੈ ਕਿ ਹਿੰਦੂ ਲੀਡਰਸ਼ਿਪ ਨੂੰ ਮਜ਼ਬੂਤੀ ਦੇ ਕੇ ਕਾਂਗਰਸ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਸੰਗਠਨ ਤੇ ਸਰਕਾਰ ਦਾ ਹੋਰ ਬਿਹਤਰ ਅਕਸ ਜਨਤਾ ਸਾਹਮਣੇ ਪੇਸ਼ ਕਰ ਸਕਦੇ ਹਨ। ਕਾਂਗਰਸ ਨੇ ਲੋਕਸਭਾ ਚੋਣਾਂ ਦੇ ਸਮੇਂ ਸੂਬੇ ‘ਚ ਹਿੰਦੂ ਵੋਟ ਬੈਂਕ ਦਾ ਕੁਝ ਹਿੱਸਾ ਗੁਆਇਆ ਸੀ ਤੇ ਇਸ ਗੱਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਵੀਕਾਰ ਕੀਤਾ ਸੀ ਪਰ ਉਸ ਤੋਂ ਬਾਅਦ ਫਗਵਾੜਾ ਤੇ ਮੁਕੇਰੀਆਂ ਜਿਹੀਆਂ ਸ਼ਹਿਰੀ ਬਹੁਗਿਣਤੀ ਸੀਟਾਂ ‘ਤੇ ਹਿੰਦੂਆਂ ਦਾ ਭਰੋਸਾ ਕਾਂਗਰਸ ਨੇ ਫਿਰ ਜਿੱਤ ਲਿਆ ਸੀ। ਇਨ੍ਹਾਂ ਉਪਚੋਣਾਂ ਵਿਚ ਜਿੱਤ ਤੋਂ ਬਾਅਦ ਕਾਂਗਰਸ ‘ਚ ਕੈਪਟਨ ਅਮਰਿੰਦਰ ਸਿੰਘ ਦੀ ਰਣਨੀਤੀ ਤੇ ਕੂਟਨੀਤੀ ਸੋਚ ਨੂੰ ਸਲਾਹਿਆ ਗਿਆ ਸੀ ਕਿ ਉਨ੍ਹਾਂ ਹਿੰਦੂ ਕਾਂਗਰਸੀਆਂ ਮੰਤਰੀਆਂ ਨੂੰ ਚੋਣ ਇੰਚਾਰਜ ਬਣਾ ਕੇ ਇਸ ਭਾਈਚਾਰੇ ਨੂੰ ਉਪ ਚੋਣ ਵਿਚ ਆਪਣੇ ਨਾਲ ਜੋੜਿਆ।
ਕਾਂਗਰਸੀ ਹਲਕਿਆਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਵਿਧਾਨ ਸਭਾ ਸੀਟ ਦੀ ਉਪਚੋਣ ਿਵਚ ਚੋਣ ਇੰਚਾਰਜ ਸੁੰਦਰ ਸ਼ਾਮ ਅਰੋੜਾ ਨੂੰ ਦੱਸਿਆ ਸੀ, ਜਿਸ ਤੋਂ ਬਾਅਦ ਚੰਗੇ ਨਤੀਜੇ ਸਾਹਮਣੇ ਆਏ ਸਨ। ਇਸੇ ਤਰ੍ਹਾਂ ਮੁਕੇਰੀਆਂ ਵਿਚ ਵੀ ਉਨ੍ਹਾਂ ਹਿੰਦੂ ਮੰਤਰੀਆਂ ਦੀ ਜ਼ਿੰਮੇਵਾਰੀ ਲਾਈ ਸੀ। ਹੁਣ ਕਿਉਂਕਿ ਦੋ ਸਾਲ ਬਾਅਦ ਸੂਬਾ ਵਿਧਾਨ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ, ਇਸ ਲਈ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਪੰਜਾਬ ਵਿਚ ਹਿੰਦੂ ਲੀਡਰਸ਼ਿਪ ਨੂੰ ਹੋਰ ਮਜ਼ਬੂਤੀ ਦਿੱਤੀ ਜਾਵੇ ਤਾਂ ਜੋ ਭਾਜਪਾ ਦਾ ਸ਼ਹਿਰੀ ਖੇਤਰਾਂ ਵਿਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਾਂਗਰਸ ਮੁਕਾਬਲਾ ਕਰ ਸਕੇ ਤੇ ਮਿਸ਼ਨ 2022 ਨੂੰ ਦੁਬਾਰਾ ਫਤਿਹ ਕਰਨ ‘ਚ ਸਫਲਤਾ ਹਾਸਿਲ ਕਰ ਸਕੇ।