ਜੰਮੂ – ਗਣਤੰਤਰ ਦਿਵਸ ’ਤੇ ਐਤਵਾਰ ਨੂੰ ਜੰਮੂ ਨੂੰ ਨਿਸ਼ਾਨਾ ਬਣਾਉਣ ਦੀ ਅੱਤਵਾਦੀਆਂ ਦੀ ਸਾਜ਼ਿਸ਼ ਦੇ ਇਨਪੁਟ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੂੰ ਮਿਲੇ ਹਨ। ਇਸ ਪਿੱਛੋਂ ਜੰਮੂ-ਕਸ਼ਮੀਰ ਅਤੇ ਖਾਸ ਕਰ ਕੇ ਜੰਮੂ ਸ਼ਹਿਰ ਵਿਚ ਚੌਕਸੀ ਨੂੰ ਹੋਰ ਵੀ ਵਧਾ ਦਿੱਤਾ ਗਿਆ ਹੈ।
ਮਿਲੇ ਇਨਪੁਟ ਮੁਤਾਬਕ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਪਿੱਛੋਂ ਹੁਣ ਅੱਤਵਾਦੀ ਸੰਗਠਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਹਨ। ਕਸ਼ਮੀਰ ਵਿਚ ਭਾਰੀ ਸੁਰੱਖਿਆ ਪ੍ਰਬੰਧਾਂ ਅਤੇ ਕੇਂਦਰ ਸਰਕਾਰ ਵਲੋਂ ਲਾਈਆਂ ਗਈਆਂ ਵੱਖ-ਵੱਖ ਪਾਬੰਦੀਆਂ ਕਾਰਣ ਅੱਤਵਾਦੀ ਸਾਜ਼ਿਸ਼ਾਂ ਹੁਣ ਤੱਕ ਨਾਕਾਮ ਰਹੀਆਂ ਹਨ। ਸੁਰੱਖਿਆ ਫੋਰਸਾਂ ਨੂੰ ਗਣਤੰਤਰ ਦਿਵਸ ਕਾਰਣ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਅੰਦਰੂਨੀ ਅਤੇ ਬਾਹਰੀ ਸੁਰੱਖਿਆ ਘੇਰਿਆਂ ਨੂੰ ਮਜ਼ਬੂਤ ਕਿਲੇ ਵਿਚ ਤਬਦੀਲ ਕਰਨ ਦੇ ਨਾਲ ਹੀ ਸੁਰੱਖਿਆ ਪ੍ਰਬੰਧਾਂ ਦੀ ਵੀ ਚੋਟੀ ਦੇ ਅਧਿਕਾਰੀਆਂ ਵਲੋਂ ਮਾਨੀਟਰਿੰਗ ਕੀਤੀ ਜਾ ਰਹੀ ਹੈ।