ਪ੍ਰਯਾਗਰਾਜ — ਆਸਥਾ ਅਤੇ ਵਿਸ਼ਵਾਸ ਦੇ ਸੰਗਮ ‘ਚ ਤੀਰਥਰਾਜ ਪ੍ਰਯਾਗ ਦੇ ਮਾਘ ਮੇਲਾ ਦੇ ਤੀਜੇ ਦਿਨ ਸਭ ਤੋਂ ਵੱਡੇ ਇਸ਼ਨਾਨ ‘ਮਾਘ ਦੀ ਮੱਸਿਆ’ ‘ਤੇ ਸ਼ੁੱਕਰਵਾਰ ਸਵੇਰੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਆਸਥਾ ਦੀ ਡੁੱਬਕੀ ਲਾਈ। ਜਾਣਕਾਰੀ ਮੁਤਾਬਕ ਸਵੇਰੇ 8 ਵਜੇ ਤਕ ਕਰੀਬ 40 ਲੱਖ ਸ਼ਰਧਾਲੂਆਂ ਨੇ ਗੰਗਾ, ਯਮੁਨਾ ਅਤੇ ਅਦ੍ਰਿਸ਼ ਸਰਸਵਤੀ ਦੀ ਤ੍ਰਿਵੇਣੀ ‘ਚ ਆਸਥਾ ਦੀ ਡੁੱਬਕੀ ਲਾਈ। ਸੰਗਮ ਕਿਨਾਰੇ ਤੜਕੇ 4 ਵਜੇ ਤੋਂ ਹੀ ਔਰਤਾਂ, ਪੁਰਸ਼, ਬੱਚੇ ਅਤੇ ਦਿਵਯਾਂਗ ਨੇ ਗੰਗਾ ‘ਚ ਜੈ ਸ਼੍ਰੀ ਰਾਮ, ਜੈ ਮਾਂ ਗੰਗੇ ਦਾ ਉੱਚਾਰਨ ਨਾਲ ਡੁੱਬਕੀ ਲਾਉਣੀ ਸ਼ੁਰੂ ਕੀਤੀ। ਸੀਤ ਲਹਿਰ ਵਿਚ ਵੀ ਸ਼ਰਧਾਲੂਆਂ ਦੀ ਆਸਥਾ ਘੱਟ ਨਹੀਂ ਹੋਈ। ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਪੁਲਸ, ਆਰ. ਏ. ਐੱਫ. ਅਤੇ ਡਰੋਨ ਦੀ ਨਿਗਰਾਨੀ ‘ਚ ਪੂਰਾ ਮੇਲਾ ਖੇਤਰ ਹੈ। ਚੱਪੇ-ਚੱਪੇ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਆਸਥਾ ਦੀ ਡੁੱਬਕੀ ਲਾਉਣ ਵਾਲੇ ਸ਼ਰਧਾਲੂਆਂ ‘ਚ ਸਿਰਫ ਭਾਰਤੀ ਹੀ ਨਹੀਂ ਸਗੋਂ ਕੁਝ ਵਿਦੇਸ਼ੀਆਂ ਨੂੰ ਵੀ ਸੰਗਮ ‘ਤੇ ਅਧਿਆਤਮ ਆਨੰਦ ਲੈਂਦੇ ਦੇਖਿਆ ਗਿਆ ਹੈ। ਸਿਰ ‘ਤੇ ਗਠੜੀ ਦਾ ਬੋਝ ਚੁੱਕੀ ਦੀਨ-ਦੁਨੀਆ ਤੋਂ ਬੇਪਰਵਾਹ ਸ਼ਰਧਾਲੂਆਂ ਦਾ ਟੀਚਾ ਆਸਥਾ ਦੀ ਡੁੱਬਕੀ ਲਾ ਕੇ ਪੁੰਨ ਪ੍ਰਾਪਤ ਕਰਨਾ ਹੈ। ਸ਼ਰਧਾਲੂਆਂ ਦੀ ਵੱਡੀ ਭੀੜ ਤ੍ਰਿਵੇਣੀ ‘ਚ ਡੁੱਬਕੀ ਲਾਉਣ ਲਈ 5 ਤੋਂ 7 ਕਿਲੋਮੀਟਰ ਦੀ ਦੂਰੀ ਪੈਦਲ ਸੰਗਮ ਪਹੁੰਚ ਰਿਹਾ ਹੈ। ਮੇਲੇ ‘ਚ ਬਣੇ ਕੈਂਪਾਂ ਤੋਂ ਲੈ ਕੇ ਸੰਗਮ ਤਕ ਹਰ ਪਾਸੇ ਸ਼ਰਧਾਲੂਆਂ ਦਾ ਤਾਂਤਾ ਨਜ਼ਰ ਆ ਰਿਹਾ ਹੈ। ਮਾਘ ਮਹੀਨੇ ਵਿਚ ਕਈ ਤੀਰਥਾਂ ਦਾ ਸਮਾਗਮ ਹੁੰਦਾ ਹੈ, ਉੱਥੇ ਹੀ ਪੁਰਾਣਾ ‘ਚ ਕਿਹਾ ਗਿਆ ਹੈ ਕਿ ਜਪ, ਤਪ ਅਤੇ ਦਾਨ ਨਾਲ ਭਗਵਾਨ ਵਿਸ਼ਨੂੰ ਓਨੇ ਖੁਸ਼ ਨਹੀਂ ਹੁੰਦੇ, ਜਿੰਨੇ ਉਹ ਮਾਘ ਮਹੀਨੇ ਵਿਚ ਇਸ਼ਨਾਨ ਕਰਨ ਤੋਂ ਹੁੰਦੇ ਹਨ। ਇਹ ਹੀ ਕਾਰਨ ਹੈ ਕਿ ਪ੍ਰਾਚੀਨ ਗ੍ਰੰਥਾਂ ‘ਚ ਨਾਰਾਇਣ ਨੂੰ ਪਾਉਣ ਦਾ ਰਾਹ ਮਾਘ ਮਹੀਨੇ ਇਸ਼ਨਾਨ ਨੂੰ ਦੱਸਿਆ ਗਿਆ ਹੈ।