ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਮਾਮਲੇ ‘ਚ ਰਾਸ਼ਟਰਪਤੀ ਵਲੋਂ ਦਯਾ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ। ਜਿਸ ਨੂੰ ਹੁਣ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਚਾਰੇ ਦੋਸ਼ੀਆਂ ‘ਚੋਂ ਇਕ ਮੁਕੇਸ਼ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਜ ਕੀਤੀ ਸੀ। ਹੁਣ ਫੈਸਲੇ ਨੂੰ ਮੁਕੇਸ਼ ਦੇ ਵਕੀਲ ਨੇ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਇਸ ‘ਤੇ 27 ਜਨਵਰੀ ਨੂੰ ਸੁਣਵਾਈ ਕਰ ਸਕਦਾ ਹੈ।
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਹੁਣ ਫਾਈਲ ਦਿੱਲੀ ਸਰਕਾਰ ਕੋਲ ਭੇਜ ਦਿੱਤੀ ਹੈ। ਮੁਕੇਸ਼ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਕੋਲ ਭੇਜਣ ਦੇ ਨਾਲ ਉਸ ਨੂੰ ਖਾਰਜ ਕਰਨ ਦੀ ਵੀ ਸਿਫ਼ਾਰਿਸ਼ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕੀਤੀ ਗਈ ਸੀ। ਇਸ ‘ਤੇ ਅਮਲ ਕਰਦੇ ਹੋਏ ਰਾਸ਼ਟਰਪਤੀ ਵਲੋਂ ਪਟੀਸ਼ਨ ਖਾਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਵਲੋਂ ਪਟੀਸ਼ਨ ਖਾਰਜ ਕਰਨ ਦੀ ਅਪੀਲ ਕਰਦੇ ਹੋਏ ਇਸ ਨੂੰ ਉੱਪ ਰਾਜਪਾਲ ਅਨਿਲ ਬੈਜਲ ਕੋਲ ਭੇਜਿਆ ਗਿਆ ਸੀ।
ਪਿਛਲੇ ਦਿਨੀਂ ਦੋਸ਼ੀ ਮੁਕੇਸ਼ ਨੇ ਤਿਹਾੜ ਜੇਲ ਪ੍ਰਸ਼ਾਸਨ ਕੋਲ ਦਯਾ ਪਟੀਸ਼ਨ ਦਿੱਤੀ ਸੀ। ਇਹ ਪਟੀਸ਼ਨ ਰਾਸ਼ਟਰਪਤੀ ਕੋਲ ਤਿਹਾੜ ਪ੍ਰਸ਼ਾਸਨ ਰਾਹੀਂ ਦਿੱਲੀ ਸਰਕਾਰ ਫਿਰ ਉੱਪ ਰਾਜਪਾਲ ਅਤੇ ਫਿਰ ਕੇਂਦਰੀ ਗ੍ਰਹਿ ਮੰਤਰਾਲੇ ਹੁੰਦੇ ਹੋਏ ਰਾਸ਼ਟਰਪਤੀ ਕੋਲ ਪਹੁੰਚੀ ਸੀ।