ਅੰਮ੍ਰਿਤਸਰ — ਵਧੀਕ ਸੈਸ਼ਨ ਜੱਜ ਤਰਨਤਾਰਨ ਦੀ ਅਦਾਲਤ ਨੇ 1983 ਦੇ ਇਕ ਕੇਸ ‘ਚ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਖਿਲਾਫ ਕਤਲ ਅਤੇ ਟਰੈਸਪਾਸ ਦੇ ਦੋਸ਼ ਆਇਦ ਕੀਤੇ ਹਨ। ਅਦਾਲਤ ਨੇ 14 ਫਰਵਰੀ ਨੂੰ ਦੋਸ਼ਾਂ ਦੇ ਹੱਕ ‘ਚ ਸਬੂਤ ਪੇਸ਼ ਕਰਨ ਲਈ ਆਖਿਆ ਹੈ।
ਵਲਟੋਹਾ ਖਿਲਾਫ ਇਹ ਦੋਸ਼ ਡਾ. ਸੁਦਰਸ਼ਨ ਕੁਮਾਰ ਤ੍ਰਿਹਨ ਦੇ ਕਤਲ ਕੇਸ ‘ਚ ਲੱਗੇ ਹਨ। ਮਾਮਲੇ ‘ਚ ਦੋ ਹੋਰ ਮੁਲਜ਼ਮ ਹਰਦੇਵ ਸਿੰਘ ਅਤੇ ਬਲਦੇਵ ਸਿੰਘ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ 11 ਨਵੰਬਰ 1990 ਨੂੰ ਉਹ ਬਰੀ ਹੋ ਗਏ ਸਨ। ਵਲਟੋਹਾ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਸ ਨੇ 2019 ‘ਚ ਪੱਟੀ ਦੀ ਅਦਾਲਤ ‘ਚ ਧਾਰਾ 302 ਅਤੇ 307 ਤਹਿਤ ਚਲਾਨ ਪੇਸ਼ ਕੀਤਾ ਸੀ, ਜਿਸ ‘ਤੇ ਅਦਾਲਤ ਨੇ 13 ਮਾਰਚ ਨੂੰ ਵਲਟੋਹਾ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ ਹੈ।
ਪੰਜਾਬ ਹਿਉਮਨ ਰਾਈਟਸ ਆਰਗੇਨਾਈਜ਼ੇਸ਼ਨ (ਪੀ. ਐੱਚ. ਆਰ. ਓ) ਵੱਲੋਂ ਪੁਲਸ-ਰਾਜਨੇਤਾ ਦੇ ਗਠਜੋੜ ਦੇ ਦੋਸ਼ ਲਾਏ ਜਾਣ ਤੋਂ ਬਾਅਦ ਪੁਲਸ ਨੂੰ ਕਾਰਵਾਈ ਕਰਨ ਲਈ ਮਜਬੂਰ ਕੀਤਾ ਗਿਆ। ਪੁਲਸ ਨੇ ਪੂਰਕ ਚਲਾਨ ਭਰਨ ਤੋਂ ਬਾਅਦ 35 ਸਾਲਾ ਬਾਅਦ ਇਸ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ।