ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਸਮਰਥਨ ਕਰਨ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ 2 ਪਾੜ ਹੋ ਚੁਕਿਆ ਹੈ। ਨਾਲ ਹੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਕਈ ਵੱਡੇ ਨੇਤਾਵਾਂ ਨੇ ਭਾਜਪਾ ਉਮੀਦਵਾਰਾਂ ਦੇ ਸਮਰਥਨ ‘ਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਰੇ ਨੇਤਾਵਾਂ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਦਾ ਇੰਤਜ਼ਾਰ ਕੀਤੇ ਬਿਨਾਂ ਭਾਜਪਾ ਉਮੀਦਵਾਰਾਂ ਨੂੰ ਸਮਰਥਨ ਕਰ ਦਿੱਤਾ। ਅਕਾਲੀ ਦੇ ਨਿਗਮ ਕੌਂਸਲਰ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਖੁੱਲ੍ਹ ਕੇ ਮੈਦਾਨ ‘ਚ ਉਤਰ ਗਏ ਹਨ।
ਅਕਾਲੀ ਦਲ ਦਿੱਲੀ ਕਮੇਟੀ ਦੇ ਉੱਪ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਐਤਵਾਰ ਨੂੰ ਘੋਂਡਾ ‘ਚ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਦਾ ਸਵਾਗਤ ਕੀਤਾ। ਇਕ ਰੋਡ ਸ਼ੋਅ ਦੌਰਾਨ ਆਪਣੀ ਕੌਂਸਲਰ ਪਤਨੀ ਗੁਰਜੀਤ ਕੌਰ ਬਾਠ ਨਾਲ ਮਿਲ ਕੇ ਉਨ੍ਹਾਂ ਨੇ ਅਮਿਤ ਸ਼ਾਹ ਨੂੰ ਸਿਰੋਪਾਓ ਅਤੇ ਕ੍ਰਿਪਾਨ ਭੇਟ ਕਰ ਦਿੱਤੀ। ਨਾਲ ਹੀ ਭਾਜਪਾ ਉਮੀਦਵਾਰ ਦੇ ਸਮਰਥਨ ‘ਚ ਪ੍ਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ। ਦਿੱਲੀ ਕਮੇਟੀ ਅਤੇ ਅਕਾਲੀ ਦਲ ਦੇ ਅਹਿਮ ਅਹੁਦਾ ਅਧਿਕਾਰੀ ਦਾ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਨੂੰ ਸਿੱਖ ਪਰੰਪਰਾਵਾਂ ਅਨੁਸਾਰ ਸਨਮਾਨਤ ਕਰਨਾ ਸਿੱਧੇ ਤੌਰ ‘ਤੇ ਭਾਜਪਾ ਵਲੋਂ ਅਕਾਲੀ ਦਲ ਤੋਂ ਕਿਨਾਰਾ ਕਰਨ ਦੀ ਸਥਿਤੀ ਤੋਂ ਬਾਅਦ ਆਪਣੀ ਸਥਿਤੀ ਨੂੰ ਸਾਫ਼ ਕਰਨਾ ਵਰਗਾ ਹੈ, ਜਿਸ ਤੋਂ ਲੱਗਦਾ ਹੈ ਕਿ ਦਿੱਲੀ ਦੇ ਅਕਾਲੀ ਦਲ ਨੇਤਾ ਆਪਣੇ ਪੁਰਾਣੇ ਸੰਬੰਧਾਂ ਕਾਰਨ ਭਾਜਪਾ ਦੀ ਅਗਵਾਈ ਅਤੇ ਐਲਾਨ ਉਮੀਦਵਾਰਾਂ ਵਿਰੁੱਧ ਚੱਲਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ ਹਨ।
ਉਨ੍ਹਾਂ ਨੂੰ ਲੱਗਦਾ ਹੈ ਕਿ 2021 ਦੀਆਂ ਦਿੱਲੀ ਗੁਰਦੁਆਰਾ ਕਮੇਟੀ ਅਤੇ 2022 ਦੀਆਂ ਨਿਗਮ ਚੋਣਾਂ ‘ਚ ਭਾਜਪਾ ਦੇ ਸਹਿਯੋਗ ਦੇ ਬਿਨਾਂ ਉਨ੍ਹਾਂ ਦਾ ਸਿਆਸੀ ਦ੍ਰਿਸ਼ ‘ਤੇ ਰਹਿਣਾ ਮੁਸ਼ਕਲ ਹੋਵੇਗਾ। ਉੱਥੇ ਹੀ ਸੁਖਬੀਰ ਬਾਦਲ ਦੇ ਆਦੇਸ਼ ਦਾ ਇੰਤਜ਼ਾਰ ਕਰਨ ਦਾ ਵੀ ਜ਼ੋਖਮ ਇਹ ਨੇਤਾ ਨਹੀਂ ਚੁੱਕਣਾ ਚਾਹੁੰਦੇ ਹਨ। ਹੁਣ ਨੰਬਰ ਪੰਜਾਬ ਦੇ ਗਠਜੋੜ ਦੇ ਵਜੂਦ ‘ਤੇ ਆ ਸਕਦਾ ਹੈ।
ਉਂਝ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕਈ ਵੀਡੀਓਜ਼ ‘ਚ ਪੰਜਾਬ ਭਾਜਪਾ ਦੇ ਨੇਤਾ 2022 ‘ਚ ਪੰਜਾਬ ‘ਚ ਭਾਜਪਾ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਚੁਕੇ ਹਨ। ਬਾਦਲ ਪਰਿਵਾਰ ਦੀ ਕਮਜ਼ੋਰ ਹੋ ਰਹੀ ਸਿਆਸੀ ਪਕੜ ਅਤੇ ਹਮਲਾਵਰ ਭਾਜਪਾ ਦਰਮਿਆਨ ਇਹ ਨੇਤਾ ਆਪਣਾ ਸਿਆਸੀ ਵਜੂਦ ਬਰਕਰਾਰ ਰੱਖਣਾ ਚਾਹੁੰਦੇ ਹਨ। ਕੁਲਵੰਤ ਸਿੰਘ ਬਾਠ ਤੋਂ ਇਲਾਵਾ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਭਾਨਾ ਵੀ ਐਤਵਾਰ ਨੂੰ ਤਿਲਕ ਵਿਹਾਰ ‘ਚ ਭਾਜਪਾ ਉਮੀਦਵਾਰ ਰਾਜੀਵ ਬੱਬਰ ਦੇ ਪ੍ਰੋਗਰਾਮ ‘ਚ ਸ਼ਾਮਲ ਹੋਏ। ਇਸੇ ਤਰ੍ਹਾਂ ਮਾਲਵੀਏ ਨਗਰ ਤੋਂ ਕਮੇਟੀ ਮੈਂਬਰ ਓਂਕਾਰ ਸਿੰਘ ਰਾਜਾ ਨੇ ਵੀ ਭਾਜਪਾ ਉਮੀਦਵਾਰ ਸ਼ੈਲੇਂਦਰ ਸਿੰਘ ਮੋਂਟੀ ਦੇ ਪੱਖ ‘ਚ ਪ੍ਰਚਾਰ ਕਰਨ ਦੀ ਖਬਰ ਹੈ। ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਸ਼ੁਰੂ ਤੋਂ ਹੀ ਆਰ.ਪੀ. ਸਿੰਘ ਨਾਲ ਜੁੜੇ ਹਨ।