ਸੰਗਰੂਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਉਨ੍ਹਾਂ ਦੇ ਸਮਰਥਕ ਪ੍ਰਸ਼ੋਤਮ ਸਿੰਘ ਫੱਗੂਵਾਲ ਵੱਲੋਂ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵੱਲੋਂ ਵਰੋਸਾਈ ਹੋਈ ਸੰਸਥਾ ਅਕਾਲ ਕਾਲਜ ਕੌਂਸਲ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਅਕਾਲ ਕਾਲਜ ਕੌਂਸਲ ਦੇ ਸਮੂਹ ਮੈਂਬਰਾਂ ਵੱਲੋਂ ਗੰਭੀਰ ਨੋਟਿਸ ਲਿਆ ਗਿਆ। ਇਸ ਸਬੰਧੀ ਅਕਾਲ ਕਾਲਜ ਕੌਂਸਲ ਦੀ ਜਨਰਲ ਬਾਡੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿਚ ਇਕ ਮੱਤ ਹੋ ਕੇ, ਕੀਤੇ ਜਾ ਰਹੇ ਪ੍ਰਚਾਰ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ‘ਤੇ ਸਵਾਲ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਨੂੰ ਕਿਹਾ ਹੈ।
ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਕਿਹਾ ਕਿ ਜਿੰਨਾਂ ਪਾਰਦਰਸ਼ੀ ਪ੍ਰਬੰਧ ਮਸਤੂਆਣਾ ਸਾਹਿਬ ਦਾ ਚੱਲ ਰਿਹਾ ਹੈ, ਉਨ੍ਹਾਂ ਪਾਰਦਰਸ਼ੀ ਪ੍ਰਬੰਧ ਦੁਨੀਆ ਦੀ ਕਿਸੇ ਵੀ ਸੰਸਥਾ ਦਾ ਨਹੀਂ ਹੋਣਾ। ਅਕਾਲ ਕਾਲਜ ਕੌਂਸਲ ਦੀਆਂ ਮੀਟਿੰਗਾਂ ਵਿਚ ਇਕੱਲੇ-ਇਕੱਲੇ ਪੈਸੇ ਦਾ ਹਿਸਾਬ-ਕਿਤਾਬ ਹੁੰਦਾ ਹੈ ਅਤੇ ਸਾਰੇ ਅਦਾਰਿਆਂ ਦੇ ਬਜਟ ਬਣਦੇ ਹਨ ਅਤੇ ਮੀਟਿੰਗ ਵਿਚ ਪਾਸ ਹੁੰਦੇ ਹਨ। ਹਰ ਇਕ ਅਕਾਊਂਟ ਦਾ ਆਡਿਟ ਹੁੰਦਾ ਹੈ। ਪਿਛਲੇ 10 ਸਾਲ ਦੀਆਂ ਆਡਿਟ ਰਿਪੋਰਟਾਂ ਕੌਂਸਲ ਦਫ਼ਤਰ ਵਿਚ ਮੌਜੂਦ ਹਨ। ਸਾਰਾ ਖਰਚਾ ਬੈਂਕਾਂ ਰਾਹੀਂ ਹੁੰਦਾ ਹੈ। ਅਕਾਲ ਕਾਲਜ ਕੌਂਸਲ ਵੱਲੋਂ ਫਿਰ ਵੀ ਇਹ ਐਲਾਨ ਕੀਤਾ ਹੋਇਆ ਹੈ ਕੇ ਦਫਤਰ ਤੋਂ ਸਮਾਂ ਲੈ ਕੇ ਕੋਈ ਵੀ ਆਮ ਵਿਅਕਤੀ ਇਸ ਹਿਸਾਬ ਕਿਤਾਬ ਨੂੰ ਚੈੱਕ ਕਰ ਸਕਦਾ ਹੈ।
ਮੀਟਿੰਗ ਵਿਚ ਕਿਹਾ ਗਿਆ ਕਿ ਸੁਖਦੇਵ ਸਿੰਘ ਜੀ ਢੀਂਡਸਾ ਜੋ ਅਕਾਲ ਕਾਲਜ ਕੌਂਸਲ ਦੇ ਪ੍ਰਧਾਨ ਹਨ, ਵੱਲੋਂ ਕੌਂਸਲ ਦੇ ਕੰਮ ਦੀ ਨਿਗਰਾਨੀ ਜ਼ਰੂਰ ਕੀਤੀ ਜਾਂਦੀ ਹੈ ਪਰ ਸੰਸਥਾਵਾਂ ਦੇ ਕੰਮਾਂ ਵਿਚ ਕਦੇ ਵੀ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਜਾਂਦੀ। ਸਾਰੇ ਅਦਾਰਿਆਂ ਦੀਆਂ ਵੱਖ-ਵੱਖ ਸਬ ਕਮੇਟੀਆਂ ਬਣੀਆਂ ਹੋਈਆਂ ਹਨ, ਜੋ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾ ਰਹੀਆਂ ਹਨ। ਗੁਰਦੁਆਰਾ ਸਾਹਿਬ ਦੀ ਗੋਲਕ ਗਿਣਨ ਲਈ ਵੀ ਇਕ ਵੱਖਰੀ ਕਮੇਟੀ ਬਣੀ ਹੋਈ ਹੈ, ਜੋ ਆਪਣੀ ਨਿਗਰਾਨੀ ਹੇਠ ਗੋਲਕ ਦੀ ਗਿਣਤੀ ਕਰਾਉਂਦੀ ਹੈ ਅਤੇ ਫਿਰ ਆਪਣੀ ਨਿਗਰਾਨੀ ਹੇਠ ਹੀ ਬੈਂਕ ਵਿਚ ਜਮ੍ਹਾਂ ਕਰਵਾਉਂਦੀ ਹੈ ਅਤੇ ਇਸ ਉਪਰੰਤ ਖਰਚਿਆਂ ਦਾ ਭੁਗਤਾਨ ਚੈੱਕਾ ਰਾਹੀਂ ਹੁੰਦਾ ਹੈ। ਕੈਸ਼ ਖਰਚਣ ‘ਤੇ ਪੂਰਨ ਪਾਬੰਦੀ ਹੈ। ਅਕਾਲ ਕਾਲਜ ਕੌਂਸਲ ਦੇ ਸਾਰੇ ਮੈਂਬਰ ਨਿਯਮਾਂ ਅਨੁਸਾਰ ਹੀ ਬਣੇ ਹੋਏ ਹਨ ਅਤੇ ਨਿਯਮਾਂ ਅਨੁਸਾਰ ਹੀ ਕੰਮ ਕਰਦੇ ਹਨ।
ਮੀਟਿੰਗ ਵਿਚ ਮਹਿਸੂਸ ਕੀਤਾ ਗਿਆ ਕਿ ਸੁਖਦੇਵ ਸਿੰਘ ਜੀ ਢੀਂਡਸਾ ਦੇ ਪ੍ਰਧਾਨ ਬਣਨ ਤੋਂ ਬਾਅਦ ਮਸਤੂਆਣਾ ਸਾਹਿਬ ਦੀ ਬੇਮਿਸਾਲ ਤਰੱਕੀ ਹੋਈ ਹੈ। ਸੰਤ ਅਤਰ ਸਿੰਘ ਜੀ ਦੇ 1927 ਵਿਚ ਸੱਚਖੰਡ ਬਿਰਾਜਮਾਨ ਹੋਣ ਤੋਂ ਬਾਅਦ 70 ਸਾਲ ਦੇ ਕਰੀਬ ਇੱਥੋਂ ਦੇ ਕੰਮ ਵਿਚ ਖੜੋਤ ਆਈ ਰਹੀ ਅਤੇ ਜ਼ੀਰੋ ਪ੍ਰਤੀਸ਼ਤ ਤਰੱਕੀ ਹੋਈ। ਸੰਤ ਅਤਰ ਸਿੰਘ ਜੀ ਵੱਲੋਂ ਬਣਾਏ ਅਦਾਰਿਆਂ ਅਤੇ ਇਮਾਰਤਾਂ ਤੋਂ ਬਿਨਾਂ ਕੋਈ ਵੀ ਨਵਾਂ ਅਦਾਰਾ ਨਹੀਂ ਬਣ ਸਕਿਆ ਅਤੇ ਇਕ ਕਮਰਾ ਵੀ ਕਿਸੇ ਇਮਾਰਤ ਦਾ ਨਵਾਂ ਨਹੀਂ ਬਣਿਆ। ਬਿਲਡਿੰਗ ਢਹਿ ਰਹੀਆਂ ਸਨ ਅਤੇ ਉਨ੍ਹਾਂ ਵਿਚ ਸਰਕਾਰੀ ਗਡਊਨ ਬਣ ਗਏ ਸਨ। ਮੀਟਿੰਗ ਵਿਚ ਜ਼ੋਰ ਦੇ ਕੇ ਕਿਹਾ ਕਿ ਅੱਜ ਜੋ ਵੀ ਮਸਤੂਆਣਾ ਸਾਹਿਬ ਵਿਚ ਬਣਿਆ ਦਿਸ ਰਿਹਾ ਹੈ ਉਹ ਸਾਰਾ ਕੁਝ ਸੁਖਦੇਵ ਸਿੰਘ ਢੀਂਡਸਾ ਦੀ ਰਹਿਨੁਮਾਈ ਹੇਠ ਹੀ ਬਣਿਆ ਹੈ। ਹਰਿਮੰਦਰ ਸਾਹਿਬ ਦੀ ਨਕਲ ਹੋਣ ਬਾਰੇ ਕਿਹਾ ਕਿ ਦੁਨੀਆ ਦੀ ਕੋਈ ਵੀ ਤਾਕਤ ਹਰਿਮੰਦਰ ਸਾਹਿਬ ਦੀ ਨਕਲ ਨਹੀਂ ਕਰ ਸਕਦੀ। ਇਸ ਸਬੰਧੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮਨਾਮਾ ਹੋਇਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਇਆ ਹੈ ਅਤੇ ਜੋ ਵੀ ਕੰਮ ਕਰਵਾਉਣ ਯੋਗ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਕਰਵਾਉਣਾ ਹੈ।
ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਜੋ ਵੀ ਤਬਦੀਲੀਆਂ ਕਰਨਯੋਗ ਸਨ, ਉਹ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਸੇਵਾਦਾਰਾਂ ਵੱਲੋਂ ਕਰਵਾ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦੀ ਟੀਮ ਸਮੇਂ-ਸਮੇਂ ਸਿਰ ਇਥੋਂ ਹੋ ਕੇ ਗਈ ਹੈ ਅਤੇ ਜੋ ਕੰਮ ਕਰਨ ਲਈ ਕਿਹਾ ਜਾਂਦਾ ਸੀ, ਉਹ ਕਰਵਾ ਦਿੱਤਾ ਜਾਂਦੇ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਨੂੰ ਖੁਦ ਆ ਕੇ ਦੇਖ ਕੇ ਗਏ ਹਨ ਅਤੇ ਹੋਏ ਕੰਮ ‘ਤੇ ਤਸੱਲੀ ਪ੍ਰਗਟ ਕਰਕੇ ਗਏ ਹਨ।
ਅਕਾਲ ਕਾਲਜ ਕੌਂਸਲ ਦੀ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ‘ਤੇ ਝੂਠ ਬੋਲਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਸੁਖਦੇਵ ਸਿੰਘ ਢੀਂਡਸਾ ਨੇ ਕਦੇ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਨਾ ਕਰਨ ਬਾਰੇ ਕਿਸੇ ਵੀ ਪ੍ਰਧਾਨ ‘ਤੇ ਕੋਈ ਦਬਾਅ ਨਹੀਂ ਪਾਇਆ, ਜਿਵੇਂ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਹਿ ਰਹੇ ਹਨ। ਕੌਂਸਲ ਦੀ ਮੀਟਿੰਗ ਚਿ ਸਰਬਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਨੂੰ ਚੈਲੇਂਜ ਕੀਤਾ ਕਿ ਹੱਕ ਸੱਚ ਨੂੰ ਪਛਾਨਣ ਲਈ ਉਹ ਮਸਤੂਆਣਾ ਸਾਹਿਬ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਉਹੀ ਬਿਆਨ ਦੁਹਰਾਉਣ ਜੋ ਉਹ ਮੀਡੀਆ ਵਾਲਿਆਂ ਨੂੰ ਦੇ ਰਹੇ ਹਨ। ਅਕਾਲ ਕਾਲਜ ਕੌਂਸਲ ਇਸ ਸਬੰਧੀ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਬੁਲਾਉਣ ਲਈ ਤਿਆਰ ਹੈ। ਮੀਟਿੰਗ ਵਿਚ ਦੁੱਖ ਪ੍ਰਗਟ ਕੀਤਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਸ ਤਰ੍ਹਾਂ ਝੂਠ ਬੋਲਣਾ ਸ਼ੋਭਦਾ ਨਹੀਂ। ਮੀਟਿੰਗ ਵਿਚ ਦਲਜੀਤ ਸਿੰਘ ਸਾਬਕਾ ਐੱਸ. ਪੀ., ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ, ਬਲਵੰਤ ਸਿੰਘ ਗਿੱਲ, ਹਰਜੀਤ ਸਿੰਘ ਸੰਜੂਮਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਦਿ ਤੋਂ ਇਲਾਵਾ 50 ਦੇ ਕਰੀਬ ਕੌਂਸਲ ਮੈਂਬਰ ਹਾਜ਼ਰ ਸਨ।