ਚੰਡੀਗੜ੍ਹ : ਆਮ ਬਜਟ ‘ਚ ਕੇਂਦਰ ਸਰਕਾਰ ਨੂੰ ਘੇਰਨ ਸਬੰਧੀ ਰਣਨੀਤੀ ਬਣਾਉਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਅੱਜ ਕਾਂਗਰਸੀ ਸਾਂਸਦਾਂ ਦੀ ਮੀਟਿੰਗ ਹੋਈ, ਜਿਸ ‘ਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਹੋਏ। ਬਾਜਵਾ ਤੇ ਕੈਪਟਨ ਦੀ ਲੜਾਈ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ ਅਤੇ ਦੋਹਾਂ ਵਿਚਕਾਰ ਇਹ ਲੜਾਈ ਇਸ ਹੱਦ ਤੱਕ ਵੀ ਵਧ ਚੁੱਕੀ ਹੈ ਕਿ ਮਾਮਲਾ ਹਾਈਕਮਾਨ ਤੱਕ ਪੁੱਜਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਅੱਜ ਦੀ ਮੀਟਿੰਗ ‘ਚ ਪ੍ਰਤਾਪ ਸਿੰਘ ਬਾਜਵਾ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਇਸ ਗੱਲ ਦੀ ਚਰਚਾ ਕੀਤੀ ਗਈ ਕਿ ਕੇਂਦਰ ਸਰਕਾਰ ਨੂੰ ਆਮ ਬਜਟ ਸੈਸ਼ਨ ‘ਚ ਕਿਵੇਂ ਘੇਰਨਾ ਹੈ? ਇਹ ਪਹਿਲਾ ਮੌਕਾ ਹੈ, ਜਦੋਂ ਕਾਂਗਰਸ ਦੇ ਸਾਂਸਦਾਂ ਦੀ ਵਿਰੋਧੀ ਸਰਕਾਰ ਨੂੰ ਘੇਰਨ ਲਈ ਰਣਨੀਤਕੀ ਤਿਆਰ ਕਰਨ ਲਈ ਪ੍ਰੀ-ਬਜਟ ਬੈਠਕ ਬੁਲਾਈ ਗਈ ਹੋਵੇ। ਇਸ ਮੀਟਿੰਗ ‘ਚ ਕਾਂਗਰਸੀ ਸਾਂਸਦਾਂ ਨੂੰ ਖਾਸ ਤੌਰ ‘ਤੇ ਇਸ ਗੱਲ ਲਈ ਧਿਆਨ ਦੇਣ ਵਾਸਤੇ ਕਿਹਾ ਗਿਆ ਕਿ ਬਜਟ ਦੌਰਾਨ ਪੰਜਾਬ ‘ਤੇ ਕੀ ਅਸਰ ਪੈਂਦਾ ਹੈ ਅਤੇ ਪੰਜਾਬ ਦੇ ਮਾਮਲਿਆਂ ਨੂੰ ਕਿਵੇਂ ਉਠਾਉਣਾ ਹੈ। ਦੱਸ ਦੇਈਏ ਕਿ ਇਸ ਮੀਟਿੰਗ ਦੌਰਾਨ ਪੰਜਾਬ ਦੇ ਸਾਰੇ ਕਾਂਗਰਸੀ ਸਾਂਸਦ ਸ਼ਾਮਲ ਹੋਏ।