ਵਾਸ਼ਿੰਗਟਨ- ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਘੱਟਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਚੀਨ ਨਾਲ ਸੰਪਰਕ ਬਣਾਏ ਹੋਏ ਹਨ।
ਕੋਰੋਨਾਵਾਇਰਸ ਦੇ ਵਧਦੇ ਜਾ ਰਹੇ ਮਾਮਲਿਆਂ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਸਾਡੀਆਂ ਮਹਾਨ ਏਜੰਸੀਆਂ ਤੋਂ ਚੀਨ ਵਿਚ ਫੈਲੇ ਕੋਰੋਨਾਵਾਇਰਸ ਬਾਰੇ ਹੁਣੇ ਜਾਣਕਾਰੀ ਮਿਲੀ ਹੈ, ਜੋ ਕਿ ਚੀਨ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਅਸੀਂ ਇਸ ਮਾਮਲੇ ‘ਤੇ ਪੂਰੀ ਤਰਾਂ ਨਜ਼ਰ ਰੱਖਾਂਗੇ। ਸਾਡੇ ਕੋਲ ਦੁਨੀਆ ਦੇ ਸਭ ਤੋਂ ਬਿਹਤਰੀਨ ਮਾਹਰ ਹਨ ਤੇ ਉਹ ਇਸ ਵਿਚ ਵੀ 24/7 ਚੋਟੀ ‘ਤੇ ਹਨ। ਜ਼ਿਕਰਯੋਗ ਹੈ ਕਿ ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ ਚੀਨ ਵਿਚ 170 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 7717 ਲੋਕ ਇਸ ਦੇ ਪੀੜਤ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਦੁਨੀਆ ਭਰ ਵਿਚ ਇਸ ਵਾਇਰਸ ਦੇ 12 ਹਜ਼ਾਰ ਤੋਂ ਵਧੇਰੇ ਸ਼ੱਕੀ ਮਾਮਲੇ ਵੀ ਸਾਹਮਣੇ ਆਏ ਹਨ।