ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ICC ਟੈੱਸਟ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੋਟੀ ‘ਤੇ ਬਣਿਆ ਹੋਇਆ ਹੈ ਜਦਕਿ ਉੱਪ ਕਪਤਾਨ ਅਜਿੰਕਿਆ ਰਹਾਣੇ ਇੱਕ ਸਥਾਨ ਉੱਪਰ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਕੋਹਲੀ ਦੇ 928 ਅੰਕ ਹਨ ਜਦਕਿ ਦੂਜੇ ਨੰਬਰ ‘ਤੇ ਆਸਟਰੇਲੀਆ ਦਾ ਸਟੀਵ ਸਮਿਥ ਹੈ ਜੋ ਉਸ ਤੋਂ 17 ਅੰਕ ਪਿੱਛੇ ਹੈ। ਚੇਤੇਸ਼ਵਰ ਪੁਜਾਰਾ 791 ਅੰਕ ਹਾਸਿਲ ਕਰ 6ਵੇਂ ਸਥਾਨ ‘ਤੇ ਹੈ। ਰਹਾਣੇ ਦੇ 759 ਅੰਕ ਹਨ।
ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਜਸਪ੍ਰੀਤ ਬੁਮਰਾਹ 794 ਅੰਕ ਹਾਸਿਲ ਕਰ 6ਵੇਂ ਸਥਾਨ ‘ਤੇ ਹੈ ਜਦਕਿ ਆਰ ਅਸ਼ਵਿਨ ਅੱਠਵੇਂ ਅਤੇ ਮੁਹੰਮਦ ਸ਼ਮੀ 10ਵੇਂ ਸਥਾਨ ‘ਤੇ ਹੈ। ਰਵਿੰਦਰ ਜਡੇਜਾ 438 ਅੰਕ ਹਾਸਿਲ ਕਰ ਹਰਫ਼ਨਮੌਲਿਆਂ ਦੀ ਸੂਚੀ ‘ਚ ਤੀਜੇ ਸਥਾਨ ‘ਤੇ ਹੈ। ਜ਼ਿੰਬਾਬਵੇ ਵਿਰੁੱਧ ਦੋ ਟੈੱਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ 10 ਵਿਕਟਾਂ ਨਾਲ ਜਿੱਤਣ ਵਾਲੀ ਸ਼੍ਰੀਲੰਕਾਈ ਟੀਮ ਦਾ ਐਂਜੇਲੋ ਮੈਥਿਊ ਚੋਟੀ ਦੇ 20 ਬੱਲੇਬਾਜ਼ਾਂ ‘ਚ ਵਾਪਿਸ ਆ ਗਿਆ ਹੈ। ਉਹ ਅੱਠ ਸਥਾਨ ਦੇ ਫ਼ਾਈਦੇ ਨਾਲ 16ਵੇਂ ਸਥਾਨ ‘ਤੇ ਹੈ। ਇੰਗਲੈਂਡ ਦੇ ਓਲੀ ਪੋਪ 52 ਸਥਾਨ ਦੀ ਛਲਾਂਗ ਲਗਾ ਕੇ 52ਵੇਂ ਸਥਾਨ ‘ਤੇ ਹੈ। ਸੈਮ ਕੁਰੇਨ ਅਤੇ ਡੋਮ ਸਿਬਲੇ ਕ੍ਰਮਵਾਰ 64ਵੇਂ ਤੇ 76ਵੇਂ ਸਥਾਨ ‘ਤੇ ਹਨ। ਬੈੱਨ ਸਟੋਕਸ ਹਰਫ਼ਨਮੌਲਿਆਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਹੈ।