ਨਵੀਂ ਦਿੱਲੀ— ਦਿੱਲੀ ਦੇ ਚੋਣਾਵੀ ਦੰਗਲ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਦੀ ਬਿਆਨਬਾਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹਰਿਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਤੇਜਿੰਦਰ ਪਾਲ ਸਿੰਘ ਬੱਗਾ ਨੇ ਵੀਰਵਾਰ ਨੂੰ ਫਿਰ ਵਿਵਾਦਪੂਰਨ ਬਿਆਨ ਦਿੱਤਾ ਹੈ। ਤੇਜਿੰਦਰ ਬੱਗਾ ਨੇ ਲਿਖਿਆ ਕਿ ਸ਼ਾਹੀਨ ਬਾਗ ਦੇਸ਼ਧ੍ਰੋਹ ਦਾ ਅੱਡਾ ਬਣ ਚੁੱਕਿਆ ਹੈ। 11 ਤਰੀਕ ਨੂੰ ਨਤੀਜੇ ਆਉਂਦੇ ਹੀ ਸਭ ਤੋਂ ਪਹਿਲਾਂ ਇਨ੍ਹਾਂ ਅੱਡਿਆਂ ‘ਤੇ ਸਰਜੀਕਲ ਸਟਰਾਈਕ ਕੀਤੀ ਜਾਵੇਗੀ।
ਵੀਡੀਓ ਟਵੀਟ ਕਰ ਕੇ ਲਿਖਿਆ ਸਰਜੀਕਲ ਸਟਰਾਈਕ ਕੀਤੀ ਜਾਵੇਗੀ
ਵੀਰਵਾਰ ਦੁਪਹਿਰ ਨੂੰ ਭਾਜਪਾ ਨੇਤਾ ਨੇ ਇਕ ਵੀਡੀਓ ਟਵੀਟ ਕਰ ਕੇ ਲਿਖਿਆ,”ਸ਼ਾਹੀਨ ਬਾਗ ਸਮਰਥਕਾਂ ਵਲੋਂ ਬੁੱਧਵਾਰ ਨੂੰ ਜੰਤਰ-ਮੰਤਰ ਤੋਂ ਕਿਹਾ ਗਿਆ ਕਿ ਭਾਰਤੀ ਫੌਜ ਆਪਣੇ ਲੋਕਾਂ ਨੂੰ ਮਾਰਦੀ ਹੈ, ਭਾਰਤੀ ਫੌਜ ਦੀ ਤੁਲਨਾ ਪਾਕਿਸਤਾਨੀ ਫੌਜ ਨਾਲ ਕੀਤੀ ਜਾ ਰਹੀ ਹੈ। ਸ਼ਾਹੀਨ ਬਾਗ ਦੇਸ਼ਧ੍ਰੋਹ ਦਾ ਅੱਡਾ ਬਣ ਚੁਕਿਆ ਹੈ, 11 ਤਰੀਕ ਨੂੰ ਨਤੀਜੇ ਆਉਂਦੇ ਸਭ ਤੋਂ ਪਹਿਲਾਂ ਇਨ੍ਹਾਂ ਅੱਡਿਆਂ ‘ਤੇ ਸਰਜੀਕਲ ਸਟਰਾਈਕਲ ਕੀਤੀ ਜਾਵੇਗੀ।”
ਦੱਸਣਯੋਗ ਹੈ ਕਿ ਸ਼ਾਹੀਨ ਬਾਗ ‘ਚ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਵਿਰੁੱਧ ਜਾਰੀ ਪ੍ਰਦਰਸ਼ਨ ‘ਤੇ ਭਾਜਪਾ ਲਗਾਤਾਰ ਮੋਰਚਾ ਖੋਲ੍ਹੇ ਹੋਏ ਹੈ ਅਤੇ ਇਸ ਨੂੰ ਵਿਰੋਧੀ ਧਿਰ ਦੀ ਸਾਜਿਸ਼ ਦੱਸ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਭਾਜਪਾ ਦੇ ਹੋਰ ਨੇਤਾ ਲਗਾਤਾਰ ਸ਼ਾਹੀਨ ਬਾਗ ਨੂੰ ਦੇਸ਼ ਤੋੜਨ ਵਾਲੀ ਜਗ੍ਹਾ ਦੱਸਣ ‘ਚ ਜੁਟੇ ਹੋਏ ਹਨ।