ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲ ਕੇਸ ਦੇ ਚਾਰੇ ਦੋਸ਼ੀਆਂ ‘ਚੋਂ ਇਕ ਦੋਸ਼ੀ ਅਕਸ਼ੈ ਕੁਮਾਰ ਨੂੰ ਸੁਪਰੀਮ ਕੋਰਟ ਵਲੋਂ ਝਟਕਾ ਲੱਗਾ। ਦਰਅਸਲ ਅਕਸ਼ੈ ਨੇ ਕੋਰਟ ਵਿਚ ਕਿਊਰੇਟਿਵ (ਸੁਧਾਰਤਮਕ) ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਕੋਰਟ ਨੇ ਅੱਜ ਖਾਰਜ ਕਰ ਦਿੱਤਾ ਹੈ। ਦੋਸ਼ੀ ਅਕਸ਼ੈ ਨੇ ਮੰਗਲਵਾਰ ਨੂੰ ਫਾਂਸੀ ਦੀ ਸਜ਼ਾ ਤੋਂ ਬਚਣ ਲਈ ਸੁਪਰੀਮ ਕੋਰਟ ‘ਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਲੈ ਕੇ ਤਿਹਾੜ ਜੇਲ ਪ੍ਰਸ਼ਾਸਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਅੱਜ ਭਾਵ ਵੀਰਵਾਰ ਨੂੰ ਕੋਰਟ ਨੇ ਦੋਸ਼ੀ ਦੀ ਕਿਊਰੇਟਿਵ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਇਸ ਤੋਂ ਪਹਿਲਾਂ ਭਾਵ ਬੁੱਧਵਾਰ ਨੂੰ ਨਿਰਭਯਾ ਦੇ ਦੋਸ਼ੀ ਮੁਕੇਸ਼ ਕੁਮਾਰ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ। ਉਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਖਾਰਜ ਕੀਤੀ ਗਈ ਦਇਆ ਪਟੀਸ਼ਨ ਨੂੰ ਲੈ ਕੇ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ। ਕੋਰਟ ਨੇ ਇਹ ਕਹਿੰਦੇ ਹੋਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਕਿ ਪਟੀਸ਼ਨ ‘ਚ ਕੋਈ ਦਮ ਨਹੀਂ ਹੈ। ਚਾਰੇ ਦੋਸ਼ੀ ਤਿਹਾੜ ਜੇਲ ‘ਚ ਬੰਦ ਹਨ ਅਤੇ ਫਾਂਸੀ ਦੀ ਸਜ਼ਾ ਨੂੰ ਟਾਲਣ ਲਈ ਇਕ ਤੋਂ ਬਾਅਦ ਇਕ ਦਾਅ ਪੇਚ ਲਾ ਰਹੇ ਹਨ। ਚਾਰੇ ਦੋਸ਼ੀਆਂ- ਮੁਕੇਸ਼ ਕੁਮਾਰ, ਪਵਨ ਗੁਪਤਾ, ਵਿਨੇ ਕੁਮਾਰ ਅਤੇ ਅਕਸ਼ੈ ਕੁਮਾਰ ਨੂੰ 1 ਫਰਵਰੀ 2020 ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।
ਕੀ ਹੈ ਕਿਊਰੇਟਿਵ ਪਟੀਸ਼ਨ
ਕਿਊਰੇਟਿਵ (ਸੁਧਾਰਤਮਕ) ਪਟੀਸ਼ਨ, ਮੁੜ ਪਟੀਸ਼ਨ ਤੋਂ ਥੋੜ੍ਹੀ ਵੱਖਰੀ ਹੁੰਦੀ ਹੈ। ਇਸ ਵਿਚ ਫੈਸਲੇ ਦੀ ਥਾਂ ਪੂਰੇ ਕੇਸ ਵਿਚ ਉਨ੍ਹਾਂ ਮੁੱਦਿਆਂ ਜਾਂ ਵਿਸ਼ਿਆਂ ‘ਤੇ ਗੌਰ ਕਰ ਲਈ ਆਖਿਆ ਜਾਂਦਾ ਹੈ, ਜਿਸ ‘ਚ ਲੱਗਦਾ ਹੋਵੇ ਕਿ ਇਸ ‘ਤੇ ਧਿਆਨ ਦਿੱਤੇ ਜਾਣ ਦੀ ਲੋੜ ਸੀ ਜਾਂ ਹੈ।