ਨਵੀਂ ਦਿੱਲੀ – ਵਰਲਡ ਕੱਪ 2019 ਸੈਮੀਫ਼ਾਈਨਲ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਤੋਂ ਦੂਰ ਹੈ, ਪਰ ਟੀਮ ਦੇ ਸਾਥੀ ਖਿਡਾਰੀਆਂ ਅਤੇ ਉਸ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਕਮੀ ਮਹਿਸੂਸ ਹੁੰਦੀ ਰਹਿੰਦੀ ਹੈ। ਹੁਣ ਖੁਦ ਭਾਰਤੀ ਟੀਮ ਦੇ ਸਪਿਨਰ ਯੁਜ਼ਵੇਂਦਰ ਚਾਹਲ ਨੇ ਆਪਣੇ ਸ਼ੋਅ ਚਾਹਲ TV ‘ਤੇ ਦੱਸਿਆ ਹੈ ਕਿ ਅੱਜ ਵੀ ਧੋਨੀ ਦੀ ਸੀਟ ‘ਤੇ ਕੋਈ ਹੋਰ ਨਹੀਂ ਬੈਠਦਾ ਅਤੇ ਉਹ ਉਸ ਲਈ ਹਮੇਸ਼ਾ ਖ਼ਾਲੀ ਪਈ ਰਹਿੰਦੀ ਹੈ।
ਚਾਹਲ ਨੇ ਦੱਸਿਆ ਮਹਿਸੂਸ ਹੋ ਰਹੀ ਹੈ ਧੋਨੀ ਦੀ ਕਮੀ
ਕਲਾਈ ਸਪਿਨਰ ਯੁਜ਼ਵੇਂਦਰ ਚਾਹਲ ਮੈਚ ਤੋਂ ਇਲਾਵਾ ਚਾਹਲ TV ‘ਤੇ ਵੀ ਨਜ਼ਰ ਆਉਂਦਾ ਹੈ ਜਿਸ ‘ਤੇ ਉਸ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਗ਼ੈਰਹਾਜ਼ਰੀ ਵਿੱਚ ਬੱਸ ਦਾ ਮਾਹੌਲ ਦੱਸਿਆ। ਚਾਹਲ ਨੇ ਦੱਸਿਆ ਕਿ ਜਿੱਥੇ ਧੋਨੀ ਬੱਸ ਵਿੱਚ ਬੈਠਦਾ ਹੁੰਦਾ ਸੀ ਅੱਜ ਵੀ ਉਹ ਜਗ੍ਹਾ ਖ਼ਾਲੀ ਰਹਿੰਦੀ ਹੈ। ਇਸ ਤੋਂ ਇਲਾਵਾ ਚਾਹਲ ਨੇ ਇਹ ਵੀ ਦੱਸਿਆ ਕਿ ਧਾਕੜ ਧੋਨੀ ਦਾ ਮਨ ਸੀ ਕਿ ਉਹ ਚਾਹਲ TV ‘ਤੇ ਆਵੇ, ਪਰ ਉਹ ਆਖ਼ਿਰ ਵਿੱਚ ਇੱਥੇ ਨਹੀਂ ਆ ਸੱਕਿਆ। ਹਾਲਾਂਕਿ ਇਹ ਗੱਲ ਚਾਹਲ ਨੇ ਮਜ਼ਾਕੀਆ ਅੰਦਾਜ਼ ‘ਚ ਕੀਤੀ ਸੀ। ਧੋਨੀ ਇੰਗਲੈਂਡ ਵਿੱਚ ਖੇਡੇ ਗਏ ਵਰਲਡ ਕੱਪ ਦੇ ਸੈਮੀਫ਼ਾਈਨਲ ਮੈਚ ਤੋਂ ਬਾਅਦ ਤੋਂ ਭਾਰਤੀ ਟੀਮ ਨਾਲ ਨਹੀਂ ਜੁੜਿਆ। ਰਾਂਚੀ ਟੈੱਸਟ ਦੌਰਾਨ ਹਾਲਾਂਕਿ ਉਹ ਟੀਮ ਦੇ ਖਿਡਾਰੀਆਂ ਨਾਲ ਜ਼ਰੂਰ ਮਿਲਿਆ।

ਬੁਮਰਾਹ ਨੂੰ ਗੱਲ ਕਰਨ ਲਈ ਦੇਣੀ ਪੈਂਦੀ ਹੈ ਮੋਟੀ ਰਕਮ – ਚਾਹਲ
ਇਸੇ ਸ਼ੋਅ ਦੌਰਾਨ ਯੁਜ਼ਵੇਂਦਰ ਚਾਹਲ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲ ਗੱਲ ਕਰਦਿਆਂ ਉਸ ਨੂੰ ਡਿਨਰ ਲਈ ਪੁੱਛਿਆ ਤਾਂ ਬੁਮਰਾਹ ਨੇ ਜਵਾਬ ਦਿੱਤਾ ਕਿ ਉਸ ਨੂੰ ਜਲਦੀ ਭੋਜਨ ਕਰਨਾ ਪਵੇਗਾ ਨਹੀਂ ਤਾਂ ਉਸ ਦੇ ਖਾਣ ਦੇ ਸਮੇਂ ਤਕ ਤਾਂ ਉਹ ਸੋ ਜਾਂਦਾ ਹੈ। ਚਾਹਲ ਨੇ ਇਹ ਬੁਮਰਾਹ ਨੂੰ ਤਨਜ਼ ਕੱਸਦਿਆਂ ਕਿਹਾ ਕਿ ਅੱਜਕੱਲ੍ਹ ਬੁਮਰਾਹ ਨਾਲ ਗੱਲ ਕਰਨ ਲਈ ਮੋਟੀ ਰਕਮ ਦੇਣੀ ਪੈਂਦੀ ਹੈ। ਚਾਹਲ ਨੇ ਉਸ ਤੋਂ ਬਾਅਦ ਰਿਸ਼ਭ ਪੰਤ, ਕੇ. ਐੱਲ. ਰਾਹੁਲ ਅਤੇ ਮੁਹੰਮਦ ਸ਼ਮੀ ਨਾਲ ਵੀ ਮਜ਼ਾਕੀਆ ਅੰਦਾਜ਼ ‘ਚ ਗੱਲ ਕੀਤੀ।