ਨਵੀਂ ਦਿੱਲੀ— ਜਾਮੀਆ ਨਗਰ ‘ਚ ਗੋਲੀ ਚੱਲਣ ਦੀ ਘਟਨਾ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ,”ਉਨ੍ਹਾਂ ਦੀ ਸਰਕਾਰ ਨੇ ਬੱਚਿਆਂ ਨੂੰ ਕੰਪਿਊਟਰ ਅਤੇ ਕਲਮ ਦਿੱਤੇ, ਜਦਕਿ ਉਹ (ਭਾਜਪਾ) ਉਨ੍ਹਾਂ ਨੂੰ ਦੇ ਰਹੇ ਹਨ ਬੰਦੂਕ ਅਤੇ ਨਫ਼ਰਤ।” ਇਕ ਵੀਡੀਓ ਟਵੀਟ ਕਰਦੇ ਹੋਏ ਕੇਜਰੀਵਾਲ ਨੇ ਹਿੰਦੀ ‘ਚ ਕਿਹਾ,”ਅਸੀਂ ਬੱਚਿਆਂ ਦੇ ਹੱਥਾਂ ‘ਚ ਕਲਮ ਅਤੇ ਕੰਪਿਊਟਰ ਦਿੱਤੇ ਹਨ ਅਤੇ ਅੱਖਾਂ ‘ਚ ਉੱਦਮਸ਼ੀਲਤਾ ਦੇ ਸੁਪਨੇ। ਉਹ ਦੇ ਰਹੇ ਹਨ ਬੰਦੂਕ ਅਤੇ ਨਫ਼ਰਤ।”
ਇਹ ਘਟਨਾ ਭਾਜਪਾ ਦੀ ਸਾਜਿਸ਼
ਉਨ੍ਹਾਂ ਨੇ ਕਿਹਾ,”ਤੁਸੀਂ ਆਪਣੇ ਬੱਚਿਆਂ ਨੂੰ ਕੀ ਦੇਣਾ ਚਾਹੁੰਦੇ ਹਨ? 8 ਫਰਵਰੀ ਨੂੰ ਦੱਸਣਾ।” ਜਾਮੀਆ ਨਗਰ ‘ਚ ਵੀਰਵਾਰ ਨੂੰ ਉਦੋਂ ਤਣਾਅ ਸ਼ੁਰੂ ਹੋ ਗਿਆ, ਜਦੋਂ ਇਕ ਸ਼ਖਸ ਨੇ ਪਿਸਤੌਲ ਨਾਲ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਇਕ ਸਮੂਹ ‘ਤੇ ਗੋਲੀ ਚੱਲਾ ਦਿੱਤੀ, ਜਿਸ ‘ਚ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਇਸ ਤੋਂ ਪਹਿਲਾਂ ਉਹ ਪਿਸਤੌਲ ਲਹਿਰਾਉਂਦਾ ਹੋਇਆ ਆਇਆ ਅਤੇ ਚੀਕ ਕੇ ਕਿਹਾ,”ਇਹ ਲਵੋ ਆਜ਼ਾਦੀ।” ਬਾਅਦ ‘ਚ ਪੁਲਸ ਨੇ ਉਸ ਨੂੰ ਫੜ ਲਿਆ। ‘ਆਪ’ ਨੇ ਇਸ ਘਟਨਾ ਦੇ ਪਿੱਛੇ ਭਾਜਪਾ ਦੀ ਸਾਜਿਸ਼ ਦੱਸੀ। ਉਸ ਨੇ ਕਿਹਾ ਕਿ ਭਗਵਾ ਪਾਰਟੀ ‘ਦੰਗਾ ਵਰਗੀ’ ਸਥਿਤੀ ਪੈਦਾ ਕਰਨਾ ਚਾਹੁੰਦੀ ਹੈ ਅਤੇ 8 ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨਾ ਚਾਹੁੰਦੀ ਹੈ, ਕਿਉਂਕਿ ਉਸ ਨੂੰ ਹਾਰ ਦਾ ਆਭਾਸ ਹੋ ਗਿਆ ਹੈ।